ਬਜਟ ’ਚ ਬਾਜ਼ਾਰ ਮੁੱਲ ਆਧਾਰਿਤ ਆਰਥਿਕ ਵਾਧੇ ਦਾ ਅੰਦਾਜ਼ਾ ਉਤਸ਼ਾਹੀ : ਮੂਡੀਜ਼
Tuesday, Feb 04, 2020 - 10:55 PM (IST)

ਨਵੀਂ ਦਿੱਲੀ (ਭਾਸ਼ਾ)-ਮੂਡੀਜ਼ ਇਨਵੈਸਟਰ ਸਰਵਿਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸਾਹਮਣੇ ਬੁਨਿਆਦੀ ਅਤੇ ਚੱਕਰੀ ਚੁਣੌਤੀਆਂ ਨੂੰ ਵੇਖਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ 2020-21 ਦੇ ਬਜਟ ’ਚ ਆਰਥਿਕ ਵਾਧੇ ਦਾ ਅੰਦਾਜ਼ਾ ਉਤਸ਼ਾਹੀ ਲੱਗਦਾ ਹੈ।
ਬਜਟ ’ਚ ਮੌਜੂਦਾ ਬਾਜ਼ਾਰ ਮੁੱਲ ’ਤੇ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ ਅਗਲੇ ਵਿੱਤੀ ਸਾਲ ’ਚ 10 ਫ਼ੀਸਦੀ ਅਤੇ ਵਿੱਤੀ ਸਾਲ 2021-22 ਤੇ 2022-23 ’ਚ ਕ੍ਰਮਵਾਰ 12.6 ਅਤੇ 12.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਸਾਲ 2019 ’ਚ ਆਰਥਿਕ ਵਾਧੇ ’ਚ ਰਿਕਾਰਡ ਨਰਮੀ ਰਹੀ। ਇਸ ਤੋਂ ਪਹਿਲਾਂ ਬਾਜ਼ਾਰ ਆਧਾਰਿਤ ਵਾਧਾ ਦਰ 2014 ਤੋਂ 2018 ਦੌਰਾਨ ਲਗਭਗ 11 ਫ਼ੀਸਦੀ ਰਹੀ। ਇਸ ’ਚ ਕਿਹਾ ਗਿਆ ਹੈ, ‘‘ਅਸੀਂ ਉਮੀਦ ਕਰਦੇ ਹਾਂ ਕਿ ਅਰਥਵਿਵਸਥਾ ’ਚ ਤੇਜ਼ਾ ਆਵੇਗੀ ਅਤੇ ਮੌਜੂਦਾ ਮੁੱਲ ’ਤੇ ਅਧਾਰਿਤ ਜੀ. ਡੀ. ਪੀ. ਵਾਧਾ ਦਰ 2020 ’ਚ ਲਗਭਗ 8.7 ਅਤੇ 2021 ’ਚ 10.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। 2019 ’ਚ ਇਹ 7.5 ਫ਼ੀਸਦੀ ਸੀ।