ਹੁਣ ਮੂਡੀਜ਼ ਨੇ ਘਟਾਈ 8 ਕੰਪਨੀਆਂ ਅਤੇ 3 ਬੈਂਕਾਂ ਦੀ ਰੇਟਿੰਗ
Wednesday, Jun 03, 2020 - 09:39 AM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਰਾਸ਼ਟਰੀ ਸਾਖ ਰੇਟਿੰਗ ਨੂੰ ਇਕ ਸਥਾਨ ਹੇਠਾਂ ਕਰਨ ਦੇ ਇਕ ਦਿਨ ਬਾਅਦ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਇਨਫੋਸਿਸ, ਟੀ. ਸੀ. ਐੱਸ., ਓ. ਐੱਨ. ਜੀ. ਸੀ. ਸਮੇਤ 8 ਗੈਰ-ਵਿੱਤੀ ਕੰਪਨੀਆਂ ਅਤੇ ਸਟੇਟ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਐਕਜਿਮ ਬੈਂਕ ਦੀ ਰੇਟਿੰਗ ਵੀ ਘਟਾ ਦਿੱਤੀ। ਰੇਟਿੰਗ ਏਜੰਸੀ ਨੇ ਇਸ ਦੇ ਨਾਲ ਹੀ ਐੱਨ. ਟੀ. ਪੀ. ਸੀ., ਐੱਨ. ਐੱਚ. ਏ. ਆਈ., ਗੇਲ ਅਤੇ ਅਡਾਨੀ ਗਰੀਨ ਐਨਰਜੀ ਰਿਸਟ੍ਰਿਕਟਿਡ ਗਰੁੱਪ ਸਮੇਤ 7 ਭਾਰਤੀ ਢਾਂਚਾਗਤ ਖੇਤਰ ਦੀਆਂ ਕੰਪਨੀਆਂ ਦੀ ਰੇਟਿੰਗ ਵੀ ਇਕ ਸਥਾਨ ਹੇਠਾਂ ਕਰ ਦਿੱਤੀ ਹੈ। ਆਈ. ਆਰ. ਐੱਫ. ਸੀ. ਅਤੇ ਹੁਡਕੋ ਦੀ 'ਇਸ਼ੂਅਰ ਰੇਟਿੰਗ' ਨੂੰ ਵੀ ਘਟਾ ਦਿੱਤਾ ਗਿਆ ਹੈ।
ਮੂਡੀਜ਼ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਰਥਵਿਵਸਥਾ 'ਚ ਪੈਦਾ ਹੋਈਆਂ ਰੁਕਾਵਟਾਂ ਅਤੇ ਭਾਰਤ ਦੀ ਸਾਵਰੇਨ ਰੇਟਿੰਗ 'ਚ ਕੀਤੀ ਗਈ ਕਮੀ ਹੀ ਮੰਗਲਵਾਰ ਨੂੰ ਚੁੱਕੇ ਗਏ ਇਨ੍ਹਾਂ ਕਦਮਾਂ ਦੀ ਮੁੱਖ ਵਜ੍ਹਾ ਹੈ। ਮੂਡੀਜ਼ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ 22 ਸਾਲਾਂ ਵਿਚ ਪਹਿਲੀ ਵਾਰ ਭਾਰਤ ਦੀ ਸਾਖ ਨੂੰ 'ਬੀਏਏ2' ਤੋਂ ਘਟਾ ਕੇ 'ਬੀਏਏ3' ਕਰ ਦਿੱਤਾ। ਇਸ ਤੋਂ ਇਕ ਸਥਾਨ ਹੇਠਾਂ ਕਬਾੜ ਰੇਟਿੰਗ ਹੁੰਦੀ ਹੈ। ਮੂਡੀਜ਼ ਨੇ ਕਿਹਾ ਹੈ। 'ਓ.ਐਨ.ਸੀ.ਜੀ., ਐਚ.ਪੀ.ਸੀ.ਐਲ., ਆਇਲ ਇੰਡੀਆ ਲਿਮੀਟਡ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟਡ, ਬੀ.ਪੀ.ਸੀ.ਐੱਲ., ਪੇਟਰੋਨੇਟ ਐੱਲ.ਐੱਲ.ਜੀ, ਟੀ.ਸੀ.ਐੱਸ. ਅਤੇ ਇਨਫੋਸਿਸ ਇਨ੍ਹਾਂ ਸਾਰੀਆਂ 8 ਗੈਰ-ਵਿੱਤੀ ਖੇਤਰ ਦੀਆਂ ਕੰਪਨੀਆਂ ਦੀ ਲੰਮੀ ਮਿਆਦ ਵਾਲੀ ਰੇਟਿੰਗ ਨੂੰ ਘਟਾ ਦਿੱਤਾ ਗਿਆ ਹੈ। ਰੇਟਿੰਗ ਏਜੰਸੀ ਨੇ ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਲਿਮੀਟਡ ਦੀ ਰੇਟਿੰਗ ਨੂੰ ਬਰਕਰਾਰ ਰੱਖਿਆ ਹੈ ਪਰ ਉਸ ਲਈ ਦ੍ਰਿਸ਼ ਨੂੰ ਸਥਿਰ ਤੋਂ ਬਦਲ ਕੇ ਨਕਾਰਾਤਮਕ ਕਰ ਦਿੱਤਾ ਹੈ। ਬੈਂਕਾਂ ਦੇ ਮਾਮਲੇ 'ਚ ਮੂਡੀਜ਼ ਨੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਸਟੇਟ ਬੈਂਕ ਦੀ ਲੰਮੀ ਮਿਆਦ ਦੇ ਸਥਾਨਕ ਅਤੇ ਵਿਦੇਸ਼ੀ ਕਰੰਸੀ ਜਮ੍ਹਾ ਰੇਟਿੰਗ ਨੂੰ ਬੀਏਏ2 ਤੋਂ ਘਟਾ ਕੇ ਬੀਏਏ3 ਕਰ ਦਿੱਤਾ। ਐਕਜਿਮ ਇੰਡੀਆ ਦੀ ਲੰਮੀ ਮਿਆਦ ਦੀ ਜਾਰੀਕਰਤਾ ਰੇਟਿੰਗ ਨੂੰ ਨਕਾਰਾਤਮਕ ਦ੍ਰਿਸ਼ ਨਾਲ ਬੀਏਏ3 'ਤੇ ਲਿਆ ਦਿੱਤਾ ਗਿਆ ਹੈ। ਇਨ੍ਹਾਂ ਬੈਂਕਾਂ ਦੀ ਜਮ੍ਹਾ ਰੇਟਿੰਗ ਉਸੇ ਪੱਧਰ 'ਤੇ ਰੱਖੀ ਗਈ ਹੈ, ਜਿਸ ਪੱਧਰ 'ਤੇ ਭਾਰਤ ਦੀ ਰੇਟਿੰਗ ਹੈ। ਇਹ ਰੇਟਿੰਗ ਬੀਏਏ3 'ਤੇ ਹੈ।
ਇਸ ਦੇ ਨਾਲ ਹੀ ਮੂਡੀਜ਼ ਨੇ ਐੱਚ. ਡੀ. ਐੱਫ. ਸੀ. ਬੈਂਕ ਦੀ ਬੇਸਲਾਈਨ ਕ੍ਰੈਡਿਟ ਐਸੈੱਸਮੈਂਟ (ਬੀ. ਸੀ. ਏ.) ਨੂੰ ਬੀਏਏ2 ਤੋਂ ਘਟਾ ਕੇ ਬੀਏਏ3 ਕਰ ਦਿੱਤਾ। ਮੂਡੀਜ਼ ਨੇ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਕੇਨਰਾ ਬੈਂਕ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੀ ਲੰਮੀ ਮਿਆਦ ਸਥਾਨਕ ਅਤੇ ਵਿਦੇਸ਼ੀ ਕਰੰਸੀ ਜਮ੍ਹਾ ਰੇਟਿੰਗ ਅਤੇ ਉਨ੍ਹਾਂ ਦੇ ਬੀ. ਸੀ. ਏ. ਦੀ ਵੀ ਸਮੀਖਿਆ ਕਰ ਰਹੀ ਹੈ। ਏਜੰਸੀ ਨੇ ਇੰਡਸਇੰਡ ਦੀ ਲੰਮੀ ਮਿਆਦ ਸਥਾਨਕ ਅਤੇ ਵਿਦੇਸ਼ੀ ਕਰੰਸੀ ਜਮ੍ਹਾ ਰੇਟਿੰਗ ਨੂੰ ਨਕਾਰਾਤਮਕ ਦ੍ਰਿਸ਼ ਨਾਲ ਘਟਾ ਦਿੱਤਾ ਹੈ।