ਮਾਨਸੂਨ ਤੇਜ਼, ਖੇਤੀਬਾੜੀ ਵਸਤੂਆਂ ਦੇ ਭਾਅ ਡਿੱਗੇ

09/06/2019 4:12:17 PM

ਨਵੀਂ ਦਿੱਲੀ — ਮਾਨਸੂਨ ਦੇ ਮੌਸਮ 'ਚ ਮੀਂਹ ਦੇ ਮੁੜ ਜ਼ੋਰ ਫੜਣ ਨਾਲ ਸਾਉਣੀ ਦੇ ਉਤਪਾਦਨ 'ਚ ਸੁਧਾਰ ਅਤੇ 2020 'ਚ ਹਾੜ੍ਹੀ ਦੀ ਫਸਲ ਲਈ ਮੌਸਮ ਦੀ ਅਨੁਕੂਲ ਸਥਿਤੀ ਦੀ ਉਮੀਦ ਨਾਲ ਪਿਛਲੇ ਤਿੰਨ ਦਿਨਾਂ ਦੌਰਾਨ ਖੇਤੀਬਾੜੀ ਵਸਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵ ਐਕਸਚੇਂਜ (ਐਨ.ਸੀ.ਡੀ.ਈ.ਐਕਸ.) ਦਾ ਬੈਂਚਮਾਰਕ ਐਗਰੀ ਇੰਡੈਕਸ (ਪਹਿਲਾਂ ਪੈਡੀ ਵਜੋਂ ਜਾਣਿਆ ਜਾਂਦਾ ਸੀ) ਪਿਛਲੇ ਦੋ ਦਿਨਾਂ 'ਚ ਦੇਸ਼ ਭਰ ਵਿਚ ਲਗਾਤਾਰ ਹੋ ਰਹੀ ਬਾਰਸ਼ ਦੇ ਬਾਅਦ ਬੁੱਧਵਾਰ ਨੂੰ ਇਕ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘਟ ਗਿਆ। ਸਤੰਬਰ ਦੇ ਪਹਿਲੇ ਤਿੰਨ ਦਿਨਾਂ 'ਚ ਸੂਚਕਾਂਕ ਵਿਚ ਤਕਰੀਬਨ 2.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ, ਜਿਸ ਨਾਲ ਖੇਤੀਬਾੜੀ ਵਸਤੂਆਂ ਦੀਆਂ ਕੀਮਤਾਂ ਵਿਚ ਹੋਰ ਗਿਰਾਵਟ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ।

ਬੈਂਚਮਾਰਕ ਐਗਰੀਕਲਚਰਲ ਇੰਡੈਕਸ 'ਚ ਇਹ ਗਿਰਾਵਟ ਉਨ੍ਹਾਂ ਵਪਾਰੀਆਂ ਅਤੇ ਸਟਾਕਿਸਟਾਂ ਦੇ ਕੋਲ ਰੱਖੀਆਂ ਖੇਤੀ ਵਸਤੂਆਂ ਦੀ ਵਿਆਪਕ ਵਿਕਰੀ ਵੱਲ ਇਸ਼ਾਰਾ ਕਰਦੀਆਂ ਹਨ ਜਿਹੜੀਆਂ ਕਿ ਉਤਪਾਦਨ ਵਿਚ ਗਿਰਾਵਟ ਦੇ ਪਿਛਲੇ ਸੰਕੇਤਾਂ ਦੇ ਅਧਾਰ ਤੇ ਕੀਮਤਾਂ 'ਚ ਸੁਧਾਰ ਦੀ ਉਮੀਦ ਕਰ ਰਹੇ ਸਨ। ਦੱਖਣ-ਪੱਛਮੀ ਮਾਨਸੂਨ 'ਚ ਤਿੰਨ ਹਫਤਿਆਂ ਦੀ ਦੇਰੀ, ਬਾਰਸ਼ ਦੀ ਅਸਾਧਾਰਨ ਵੰਡ ਦੇ ਨਾਲ ਕਈ ਇਲਾਕਿਆਂ 'ਚ ਹੜ੍ਹ ਅਤੇ ਹੋਰ ਵੱਡੇ ਖੇਤੀ ਉਤਪਾਦਨ ਵਾਲੇ ਇਲਾਕਿਆਂ 'ਚ ਸੋਕੇ ਕਾਰਨ ਸੀਜ਼ਨ 'ਚ ਸਾਉਣੀ ਦੇ ਉਤਪਾਦਨ ਵਿਚ ਕਮੀ ਹੋਣ ਦਾ ਖਦਸ਼ਾ ਬਣ ਗਿਆ ਸੀ, ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ ਸੀ। ਹੁਣ ਮਾਨਸੂਨ ਦੀ ਬਾਰਸ਼ 'ਚ ਸੁਧਾਰ ਕਾਰਨ ਸਾਉਣੀ ਦੇ ਉਤਪਾਦਨ ਵਿਚ ਸੁਧਾਰ ਦੀ ਉਮੀਦ ਜਗੀ ਹੈ। ਜੂਨ ਵਿਚ ਲੰਬੇ ਸਮੇਂ ਦੀ ਔਸਤ (ਐਲਪੀਏ) 'ਚ 30 ਪ੍ਰਤੀਸ਼ਤ ਦੀ ਕਮੀ ਤੋਂ ਬਾਅਦ ਅਗਸਤ 'ਚ ਇਕ ਫੀਸਦੀ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਸਤੰਬਰ ਦੀ ਬਾਰਸ਼ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਜਲ ਭੰਡਾਰਾਂ ਦੇ ਫਿਰ ਤੋਂ ਭਰਨ ਦੀ ਉਮੀਦ ਹੈ ਜਿਸ ਦੇ ਨਤੀਜੇ ਵਜੋਂ ਚੰਗੀ ਹਾੜ੍ਹੀ ਦੀ ਫਸਲ ਲਈ ਮਿੱਟੀ ਦੀ ਕਾਫ਼ੀ ਨਮੀ ਦੀ ਮਾਤਰਾ ਹੋਵੇਗੀ।

ਸੋਇਆਬੀਨ ਅਤੇ ਕਪਾਹ ਦੀ ਬਿਜਾਈ ਪਿਛਲੇ ਸਾਲ ਨਾਲੋਂ ਜ਼ਿਆਦਾ ਰਹਿਣ ਦੀ ਖਬਰ ਹੈ। ਇਸ ਕਾਰਨ ਜ਼ਿਆਦਾ ਬਾਰਸ਼ ਨਾਲ ਝਾੜ ਦੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ। ਬਾਰਸ਼ 'ਚ ਦੇਰੀ ਹੋਣ ਕਾਰਨ ਇਸ ਮੌਸਮ 'ਚ ਸਾਉਣੀ ਦੀ ਦਾਲ (ਮੂੰਗੀ) ਦੇ ਰਕਬੇ 'ਚ ਕਮੀ ਆਈ ਹੈ ਪਰ ਸ਼ੁਰੂਆਤੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ। ਇਸ ਤਰਾਂ ਕੀਮਤਾਂ 'ਤੇ ਸਪਲਾਈ ਦਬਾਅ ਰਹੇਗਾ। ਦੇਸ਼ 'ਚ ਪਿਛਲੇ ਤਿੰਨ ਸਾਲਾਂ ਦੌਰਾਨ 15 ਫੀਸਦੀ ਦੇ ਕੁੱਲ ਵਾਧੇ ਨਾਲ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ ਹੈ। ਇਸ ਰਿਕਾਰਡ ਉਤਪਾਦਨ ਦੇ ਕਾਰਨ ਸਰਕਾਰ ਨੇ ਇੱਕ ਵੱਡਾ ਬਫਰ ਸਟਾਕ ਤਿਆਰ ਕੀਤਾ ਹੈ, ਜਿਸ ਨਾਲ ਕੀਮਤਾਂ 'ਚ ਵਾਧੇ ਨੂੰ ਕਾਬੂ ਰੱਖੇ ਜਾ ਸਕਣ ਦੀ ਉਮੀਦ ਹੈ।


Related News