ਬਾਜ਼ਾਰ 'ਚ MFs ਦੀ ਦਸਤਕ, ਸ਼ੇਅਰਾਂ 'ਚ 5,526 ਕਰੋੜ ਰੁਪਏ ਕੀਤਾ ਨਿਵੇਸ਼

05/09/2021 12:59:01 PM

ਨਵੀਂ ਦਿੱਲੀ- ਬਾਜ਼ਾਰ ਵਿਚ ਕੁਝ ਸਥਿਰਤਾ ਆਉਣ ਮਗਰੋਂ ਲਗਾਤਾਰ ਦੂਜੇ ਮਹੀਨੇ ਮਿਊਚੁਅਲ ਫੰਡਸ (ਐੱਮ. ਐੱਫਜ਼.) ਨੇ ਸ਼ੇਅਰਾਂ ਵਿਚ ਖ਼ਰੀਦਦਾਰੀ ਕੀਤੀ ਹੈ। ਪਿਛਲੇ ਮਹੀਨੇ ਫੰਡ ਪ੍ਰਬੰਧਕਾਂ ਨੇ ਸ਼ੇਅਰਾਂ ਵਿਚ 5,526 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਇਨਵੈਸਟ19 ਦੇ ਬਾਨੀ ਤੇ ਸੀ. ਈ. ਓ. ਕੌਸ਼ਲੇਂਦਰ ਸਿੰਘ ਸੇਂਗਰ ਨੇ ਕਿਹਾ ਕਿ ਯੂਜ਼ਰ ਗ੍ਰੋਥ ਨੂੰ ਵੇਖਦੇ ਹੋਏ ਐੱਮ. ਐੱਫ. ਦਾ ਆਉਣ ਵਾਲੇ ਮਹੀਨਿਆਂ ਵਿਚ ਵੀ ਨਿਵੇਸ਼ ਜਾਰੀ ਰਹੇਗਾ।

ਬਜਾਜ ਕੈਪੀਟਲ ਦੇ ਚੀਫ ਰਿਸਰਚ ਅਧਿਕਾਰੀ ਅਲੋਕ ਅਗਰਵਾਲਾ ਨੇ ਵੀ ਅਜਿਹੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਸ਼ੇਅਰਾਂ ਵਿਚ ਤੇਜ਼ੀ ਦੀ ਇਕ ਵਜ੍ਹਾ ਬਾਂਡ ਯੀਲਡ ਦਾ ਨਰਮ ਹੋਣਾ ਵੀ ਹੈ। ਸੇਬੀ ਦੇ ਅੰਕੜਿਆਂ ਅਨੁਸਾਰ, ਐੱਮ. ਐੱਫਜ਼. ਨੇ ਅਪ੍ਰੈਲ ਮਹੀਨੇ 5,526 ਕਰੋੜ ਰੁਪਏ ਸ਼ੇਅਰਾਂ ਵਿਚ ਲਾਏ ਹਨ, ਜੋ ਮਾਰਚ ਵਿਚ ਲਾਏ ਗਏ 4,773 ਕਰੋੜ ਰੁਪਏ ਨਾਲੋਂ ਕਿਤੇ ਵੱਧ ਹਨ। 10 ਮਹੀਨਿਆਂ ਵਿਚ ਐੱਮ. ਐੱਫਜ਼. ਵੱਲੋਂ ਇਹ ਪਹਿਲਾ ਵੱਡਾ ਨਿਵੇਸ਼ ਹੈ।

ਇਸ ਤੋਂ ਪਹਿਲਾਂ ਮਿਊਚੁਅਲ ਫੰਡਸ ਮਾਰਚ 2020 ਤੋਂ ਇਕੁਇਟੀਜ਼ ਵਿਚੋਂ ਪੈਸਾ ਕੱਢ ਰਹੇ ਸਨ। ਉੱਥੇ ਹੀ, ਘਰੇਲੂ ਨਿਵੇਸ਼ਕ ਜੁਲਾਈ 2020 ਤੋਂ ਇਕੁਇਟੀ ਮਿਊਚੁਅਲ ਫੰਡ ਯੋਜਨਾਵਾਂ ਤੋਂ ਪੈਸੇ ਕੱਢ ਰਹੇ ਸਨ ਅਤੇ ਮਾਰਚ 2021 ਵਿਚ ਇਹ ਰੁਝਾਨ ਬਦਲਿਆ। ਮਾਰਚ ਵਿਚ ਸਿਪ ਜ਼ਰੀਏ ਨਿਵੇਸ਼ ਪਿਛਲੇ ਮਹੀਨੇ ਦੇ 7,528 ਕਰੋੜ ਰੁਪਏ ਤੋਂ ਵੱਧ ਕੇ 9,182 ਕਰੋੜ ਰੁਪਏ 'ਤੇ ਪਹੁੰਚ ਗਿਆ। ਫਰਵਰੀ ਵਿਚ ਐੱਮ. ਐੱਫਜ਼. ਨੇ ਸ਼ੇਅਰਾਂ ਵਿਚੋਂ 16,306 ਕਰੋੜ ਰੁਪਏ, ਜਨਵਰੀ ਵਿਚ 13,032 ਕਰੋੜ ਰੁਪਏ, ਦਸੰਬਰ ਵਿਚ 26,428 ਕਰੋੜ ਰੁਪਏ, ਨਵੰਬਰ ਵਿਚ 30,760 ਕਰੋੜ ਰੁਪਏ, ਅਕਤੂਬਰ ਵਿਚ 14,492 ਕਰੋੜ ਰੁਪਏ, ਸਤੰਬਰ ਵਿਚ 4,134 ਕਰੋੜ ਰੁਪਏ, ਅਗਸਤ ਵਿਚ 9,213 ਕਰੋੜ ਰੁਪਏ, ਜੁਲਾਈ ਵਿਚ 9,195 ਕਰੋੜ ਰੁਪਏ ਅਤੇ ਜੂਨ ਵਿਚ 612 ਕਰੋੜ ਰੁਪਏ ਕੱਢੇ ਸਨ।


Sanjeev

Content Editor

Related News