ਇਹ ਹਨ ਟਾਪ-10 ਕਾਰਾਂ, ਜਿਨ੍ਹਾਂ ਨੇ ਜਿੱਤਿਆ ਗਾਹਕਾਂ ਦਾ ਦਿਲ

Wednesday, Jan 24, 2018 - 10:54 AM (IST)

ਇਹ ਹਨ ਟਾਪ-10 ਕਾਰਾਂ, ਜਿਨ੍ਹਾਂ ਨੇ ਜਿੱਤਿਆ ਗਾਹਕਾਂ ਦਾ ਦਿਲ

ਨਵੀਂ ਦਿੱਲੀ— ਯਾਤਰੀ ਵਾਹਨ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਇੰਡੀਆ ਦਾ ਦਬਦਬਾ ਦਸੰਬਰ ਮਹੀਨੇ ਵੀ ਬਰਕਰਾਰ ਰਿਹਾ। ਸਭ ਤੋਂ ਵਧ ਵਿਕਣ ਵਾਲੇ ਟਾਪ-10 ਯਾਤਰੀ ਵਾਹਨਾਂ ਦੀ ਸੂਚੀ 'ਚ ਮਾਰੂਤੀ ਦੇ 6 ਮਾਡਲ ਸ਼ਾਮਲ ਰਹੇ। ਉੱਥੇ ਹੀ ਹੁੰਡਈ ਮੋਟਰ ਇੰਡੀਆ ਨੇ ਵੀ ਟਾਪ-10 ਦੀ ਸੂਚੀ 'ਚ ਤਿੰਨ ਵਾਹਨਾਂ ਦੇ ਨਾਲ ਆਪਣੀ ਮੌਜੂਦਗੀ ਦਰਜ ਕਰਾਈ। ਇਸ ਦੇ ਇਲਾਵਾ ਰੈਨੋ ਦੇ ਕਵਿਡ ਮਾਡਲ ਨੇ ਕਾਰ ਖਰੀਦਦਾਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਸਿਆਮ ਦੇ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ ਮਾਰੂਤੀ ਦੀ ਅਲਟੋ ਸਭ ਤੋਂ ਵਧ ਵਿਕਣ ਵਾਲੇ ਟਾਪ-10 ਯਾਤਰੀ ਵਾਹਨਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਰਹੀ। ਦਸੰਬਰ 'ਚ ਮਾਰੂਤੀ ਅਲਟੋ ਦੇ 20,346 ਮਾਡਲ ਵਿਕੇ, ਜੋ 2016 ਦੇ ਮੁਕਾਬਲੇ 17.26 ਫੀਸਦੀ ਜ਼ਿਆਦਾ ਹਨ। 2016 'ਚ ਮਾਰੂਤੀ ਨੇ ਇਸੇ ਮਹੀਨੇ 17,351 ਅਲਟੋ ਮਾਡਲ ਵੇਚੇ ਸਨ। ਮਾਰੂਤੀ ਦੀ ਹੀ ਨਵੀਂ ਕੰਪੈਕਟ ਸਿਡਾਨ ਡਿਜ਼ਾਇਰ 18,018 ਕਾਰਾਂ ਦੀ ਵਿਕਰੀ ਨਾਲ ਟਾਪ-10 ਸੂਚੀ 'ਚ ਦੂਜੇ ਨੰਬਰ 'ਤੇ ਰਹੀ। ਮਾਰੂਤੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ ਤੀਜੇ ਨੰਬਰ 'ਤੇ ਰਹੀ, ਜਿਸ ਦੇ 14,551 ਮਾਡਲ ਵਿਕੇ। ਦੱਸਣਯੋਗ ਹੈ ਕਿ ਬਲੇਨੋ ਦਸੰਬਰ 2016 'ਚ ਸੱਤਵਾਂ ਸਭ ਤੋਂ ਵਧ ਵਿਕਣ ਵਾਲਾ ਮਾਡਲ ਰਿਹਾ ਸੀ।
ਹੁੰਡਈ ਮੋਟਰ ਇੰਡੀਆ ਦੀ ਕੰਪੈਕਟ ਕਾਰ ਗ੍ਰੈਂਡ ਆਈ-10 ਪਿਛਲੇ ਮਹੀਨੇ 12,995 ਇਕਾਈਆਂ ਦੀ ਵਿਕਰੀ ਨਾਲ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਈ। ਉੱਥੇ ਹੀ ਟਾਪ-10 ਵਿਕਣ ਵਾਲੇ ਮਾਡਲਾਂ ਦੀ ਸੂਚੀ 'ਚ ਪੰਜਵੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ ਵੈਗਨਰ ਰਹੀ। ਦਸੰਬਰ 2017 'ਚ ਇਸ ਦੇ ਕੁੱਲ 11,800 ਮਾਡਲ ਵਿਕੇ। ਕੰਪੈਕਟ ਐੱਸ. ਯੂ. ਵੀ. ਵਿਟਾਰਾ ਬਰੇਜਾ ਛੇਵੇਂ ਨੰਬਰ 'ਤੇ, ਹੁੰਡਈ ਦੀ ਅਲੀਟ ਆਈ-20 ਸੱਤਵੇਂ ਨੰਬਰ 'ਤੇ, ਜਦੋਂ ਕਿ ਸਵਿਫਟ ਅੱਠਵੇਂ ਨੰਬਰ 'ਤੇ ਰਹੀ। ਸੂਚੀ 'ਚ ਨੌਵੇਂ ਨੰਬਰ 'ਤੇ ਰੈਨੋ ਦੀ ਕਵਿਡ, ਜਦੋਂ ਕਿ 10ਵੇਂ ਨੰਬਰ 'ਤੇ ਹੁੰਡਈ ਦੀ ਐੱਸ. ਯੂ. ਵੀ. ਕਰੇਟਾ ਰਹੀ।


Related News