ਮਾਰੂਤੀ ਦੀ ਮਸ਼ਹੂਰ ਕਾਰ ਆਲਟੋ ਕੇ 10 ਦੀ ਵਿਕਰੀ ਹੋਈ ਬੰਦ

02/01/2020 10:29:28 PM

ਨਵੀਂ ਦਿੱਲੀ (ਇੰਟ.)-ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੇ ਵਾਹਨਾਂ ਦੀ ਵਿਸਥਾਰਤ ਰੇਂਜ ਨੂੰ ਸਰਕਾਰ ਵੱਲੋਂ ਨਿਰਦੇਸ਼ਤ ਨਵੇਂ ਬੀ. ਐੱਸ.-6 ਮਿਆਰਾਂ ਅਨੁਸਾਰ ਲਗਾਤਾਰ ਅਪਡੇਟ ਕਰਨ ’ਚ ਲੱਗੀ ਹੈ ਪਰ ਕੰਪਨੀ ਨੇ ਆਪਣੀ ਤਕਰੀਬਨ 10 ਸਾਲ ਪੁਰਾਣੀ ਕਾਰ ਆਲਟੋ ਕੇ 10 ਨੂੰ ਅਪਡੇਸ਼ਨ ਦੀ ਇਸ ਯੋਜਨਾ ’ਚ ਸ਼ਾਮਲ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰ ਨੂੰ ਕੰਪਨੀ ਨੇ ਡਿਸਕਾਂਟੀਨਿਊ ਕਰ ਦਿੱਤਾ ਹੈ।

ਇਕ ਰਿਪੋਰਟ ਮੁਤਾਬਕ ਕੰਪਨੀ ਮਾਰੂਤੀ ਆਲਟੋ ਕੇ 10 ਨੂੰ ਨਵੇਂ ਇੰਜਣ ਮਿਆਰਾਂ ਅਨੁਸਾਰ ਅਪਡੇਟ ਨਹੀਂ ਕਰੇਗੀ ਅਤੇ ਹੁਣ ਇਸ ਛੋਟੀ ਕਾਰ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਕੰਪਨੀ ਨੇ ਪਹਿਲੀ ਵਾਰ ਸਾਲ 2010 ’ਚ ਇਸ ਕਾਰ ਨੂੰ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਸੀ। ਤਕਰੀਬਨ ਇਕ ਦਹਾਕੇ ਤੱਕ ਇਹ ਕਾਰ ਬਾਜ਼ਾਰ ’ਚ ਸ਼ਾਨਦਾਰ ਸਫਰ ਕਰਦੀ ਰਹੀ ਹੈ। ਇਸ ਦੌਰਾਨ ਕਈ ਵਾਰ ਇਸ ਕਾਰ ਨੂੰ ਵਿਚ-ਵਿਚ ਅਪਡੇਟ ਵੀ ਕੀਤਾ ਗਿਆ ਸੀ।

ਹੁਣ ਤੱਕ ਕੰਪਨੀ ਨੇ ਇਸ ਕਾਰ ਦੇ 38 ਲੱਖ ਤੋਂ ਜ਼ਿਆਦਾ ਯੂਨਿਟਸ ਦੀ ਵਿਕਰੀ ਕੀਤੀ ਸੀ। ਬੇਸ਼ੱਕ ਆਲਟੋ ਕੇ 10 ਭਾਰਤੀ ਗਾਹਕਾਂ ’ਚ ਖਾਸੀ ਲੋਕਪ੍ਰਿਯ ਰਹੀ ਹੈ, ਇਹ ਦੇਸ਼ ਦੀ ਪਹਿਲੀ ਸਭ ਤੋਂ ਘੱਟ ਕੀਮਤ ਵਾਲੀ ਆਟੋਮੈਟਿਕ ਕਾਰ ਵੀ ਸੀ। ਜ਼ਿਆਦਾਤਰ ਗਾਹਕਾਂ ਨੇ ਘੱਟ ਕੀਮਤ ’ਚ ਆਟੋਮੈਟਿਕ ਕਾਰ ਚਲਾਉਣ ਦੇ ਆਪਣੇ ਸ਼ੌਕ ਨੂੰ ਇਸ ਕਾਰ ਨਾਲ ਹੀ ਪੂਰਾ ਕੀਤਾ ਹੈ ਪਰ ਹੁਣ ਕੰਪਨੀ ਬਾਜ਼ਾਰ ’ਚ ਆਪਣੀ ਨਵੀਂ ਮਾਰੂਤੀ ਐੱਸ-ਪ੍ਰੈਸੋ ਨੂੰ ਵੀ ਲਾਂਚ ਕਰ ਚੁੱਕੀ ਹੈ। ਇਸ ਕਾਰ ਦੀ ਕੀਮਤ 3.71 ਲੱਖ ਤੋਂ ਲੈ ਕੇ 4.99 ਲੱਖ ਰੁਪਏ ਦੇ ’ਚ ਤੈਅ ਕੀਤੀ ਗਈ ਹੈ।


Karan Kumar

Content Editor

Related News