ਜਹਾਜ਼ੀ ਈਂਧਨ ਦੀ ਕੀਮਤ ’ਚ 0.2 ਫੀਸਦੀ ਦਾ ਵਾਧਾ, ਰਿਕਾਰਡ ਪੱਧਰ ’ਤੇ ਪਹੁੰਚੇ ਰੇਟ

Sunday, Apr 17, 2022 - 05:11 PM (IST)

ਜਹਾਜ਼ੀ ਈਂਧਨ ਦੀ ਕੀਮਤ ’ਚ 0.2 ਫੀਸਦੀ ਦਾ ਵਾਧਾ, ਰਿਕਾਰਡ ਪੱਧਰ ’ਤੇ ਪਹੁੰਚੇ ਰੇਟ

ਨਵੀਂ ਦਿੱਲੀ (ਭਾਸ਼ਾ) – ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਜਾਰੀ ਤੇਜ਼ੀ ਦਰਮਿਆਨ ਜਹਾਜ਼ਾਂ ’ਚ ਈਂਧਨ ਵਜੋਂ ਇਸਤੇਮਾਲ ਹੋਣ ਵਾਲੇ ਏ. ਟੀ. ਐੱਫ. ਦੀਆਂ ਕੀਮਤਾਂ ਵੀ ਸ਼ਨੀਵਾਰ ਨੂੰ 0.2 ਫੀਸਦੀ ਵਧਾ ਦਿੱਤੀਆਂ ਗਈਆਂ। ਇਹ ਏ. ਟੀ. ਐੱਫ. ਦੀਆਂ ਕੀਮਤਾਂ ’ਚ ਹੋਇਆ ਇਸ ਸਾਲ ਦਾ ਲਗਾਤਾਰ ਅੱਠਵੀਂ ਵਾਰ ਕੀਤਾ ਗਿਆ ਵਾਧਾ ਹੈ।

ਜਨਤਕ ਤੇਲ ਕੰਪਨੀਆਂ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਏ. ਟੀ. ਐੱਫ. ਦੇ ਰੇਟ ’ਚ 277.5 ਰੁਪਏ ਪ੍ਰਤੀ ਕਿਲੋਲਿਟਰ ਯਾਨੀ 0.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਮੁੱਲ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ’ਚ ਏ. ਟੀ. ਐੱਫ. ਦੇ ਰੇਟ 1,13,202.33 ਰੁਪਏ ਪ੍ਰਤੀ ਕਿਲੋਲਿਟਰ ਹੋ ਗਏ ਹਨ। ਇਸ ਤਰ੍ਹਾਂ ਏ. ਟੀ. ਐੱਫ. ਦੀ ਕੀਮਤ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ।

ਪੈਟਰੋਲ ਦੇ ਰੇਟ ਸਥਿਰ

ਇਸ ਦਰਮਿਆਨ ਪੈਟਰੋਲ ਅਤੇ ਡੀਜ਼ਲ ਦੇ ਰੇਟ ਲਗਾਤਾਰ ਦਸਵੇਂ ਦਿਨ ਸਥਿਰ ਬਣੇ ਰਹੇ। ਇਸ ਤੋਂ ਪਹਿਲਾਂ ਕਰੀਬ 2 ਹਫਤੇ ’ਚ ਪੈਟਰੋਲ ਅਤੇ ਡੀਜ਼ਲ ਦੋਹਾਂ ਦੇ ਰੇਟਾਂ ’ਚ 10-10 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ। ਜਹਾਜ਼ੀ ਈਂਧਨ ਦੀਆਂ ਕੀਮਤਾਂ ’ਚ ਹਰੇਕ ਮਹੀਨੇ ਦੀ ਪਹਿਲੀ ਅਤੇ 16ਵੀਂ ਤਰੀਕ ਨੂੰ ਸੋਧ ਕੀਤੀ ਜਾਂਦੀ ਹੈ ਜਦ ਕਿ ਤੇਲ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਰੋਜ਼ਾਨਾ ਆਧਾਰ ’ਤੇ ਬਦਲਾਅ ਕਰਨ ਦੀ ਛੋਟ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁੱਲ ਨੋਟੀਫਿਕੇਸ਼ਨ ਮੁਤਾਬਕ ਦਿੱਲੀ ’ਚ ਪੈਟਰੋਲ 105.41 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 96.67 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।


author

Harinder Kaur

Content Editor

Related News