UPS ਪੈਨਸ਼ਨਰਾਂ ਲਈ ਵੱਡਾ ਅਲਰਟ: 30 ਨਵੰਬਰ ਤੋਂ ਪਹਿਲਾਂ ਨਿਪਟਾਓ ਇਹ ਕੰਮ

Tuesday, Nov 03, 2026 - 02:28 AM (IST)

UPS ਪੈਨਸ਼ਨਰਾਂ ਲਈ ਵੱਡਾ ਅਲਰਟ: 30 ਨਵੰਬਰ ਤੋਂ ਪਹਿਲਾਂ ਨਿਪਟਾਓ ਇਹ ਕੰਮ

ਨਵੀਂ ਦਿੱਲੀ : ਯੂਨੀਫ਼ਾਈਡ ਪੈਨਸ਼ਨ ਸਕੀਮ (UPS) ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੈਨਸ਼ਨਰਾਂ ਲਈ ਇੱਕ ਅਹਿਮ ਖ਼ਬਰ ਹੈ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਨੇ ਪੈਨਸ਼ਨਰਾਂ ਲਈ 'UPS ਜੀਵਨ ਸੇਤੂ - ਡਿਜੀਟਲ ਲਾਈਫ਼ ਸਰਟੀਫ਼ਿਕੇਟ' ਸੁਵਿਧਾ ਸ਼ੁਰੂ ਕੀਤੀ ਹੈ। ਇਸ  ਨਵੀਂ ਸੁਵਿਧਾ ਦੇ ਆਉਣ ਨਾਲ ਹੁਣ ਪੈਨਸ਼ਨਰਾਂ ਨੂੰ ਹਰ ਸਾਲ ਆਪਣਾ ਜੀਵਨ ਪ੍ਰਮਾਣ ਪੱਤਰ (Life Certificate) ਜਮ੍ਹਾਂ ਕਰਵਾਉਣ ਲਈ ਬੈਂਕਾਂ ਜਾਂ ਪੈਨਸ਼ਨ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ, ਸਗੋਂ ਉਹ ਆਪਣੇ ਮੋਬਾਈਲ ਫ਼ੋਨ ਤੋਂ ਹੀ ਇਹ ਕੰਮ ਪੂਰਾ ਕਰ ਸਕਣਗੇ।

ਪੈਨਸ਼ਨਰਾਂ ਨੂੰ ਆਪਣੇ ਮੋਬਾਈਲ ਵਿੱਚ 'NPS by Protean eGov' ਐਪ ਡਾਊਨਲੋਡ ਕਰਨੀ ਹੋਵੇਗੀ। ਐਪ ਵਿੱਚ 'UPS ਜੀਵਨ ਸੇਤੂ' ਵਿਕਲਪ ਦੀ ਚੋਣ ਕਰਕੇ ਆਪਣਾ PRAN ਨੰਬਰ ਅਤੇ ਜਨਮ ਤਾਰੀਖ ਦਰਜ ਕਰਨ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ 'ਤੇ ਆਏ ਓ.ਟੀ.ਪੀ. (OTP) ਨਾਲ ਜਾਣਕਾਰੀ ਵੈਰੀਫ਼ਾਈ ਕਰਨੀ ਪਵੇਗੀ। ਇਸ ਤੋਂ ਬਾਅਦ ਆਧਾਰ ਨੰਬਰ ਦਰਜ ਕਰਕੇ ਫੇਸ ਆਥੈਂਟੀਕੇਸ਼ਨ (ਚਿਹਰੇ ਦੀ ਪਛਾਣ) ਜ਼ਰੀਏ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਹੋਵੇਗੀ, ਜਿਸ ਨਾਲ ਡਿਜੀਟਲ ਲਾਈਫ਼ ਸਰਟੀਫ਼ਿਕੇਟ ਤੁਰੰਤ ਤਿਆਰ ਅਤੇ ਜਮ੍ਹਾਂ ਹੋ ਜਾਵੇਗਾ।

ਇਹ ਸੁਵਿਧਾ ਖ਼ਾਸ ਤੌਰ 'ਤੇ ਉਨ੍ਹਾਂ ਬਜ਼ੁਰਗ ਪੈਨਸ਼ਨਰਾਂ ਲਈ ਬਹੁਤ ਫਾਇਦੇਮੰਦ ਹੈ, ਜਿਨ੍ਹਾਂ ਲਈ ਬੈਂਕਾਂ ਜਾਂ ਦਫ਼ਤਰਾਂ ਤੱਕ ਆਉਣਾ-ਜਾਣਾ ਮੁਸ਼ਕਿਲ ਹੁੰਦਾ ਹੈ। ਹਰੇਕ ਪੈਨਸ਼ਨਰ ਲਈ ਸਮੇਂ-ਸਮੇਂ 'ਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਇਹ ਸਾਬਤ ਹੋ ਸਕੇ ਕਿ ਉਹ ਜੀਵਿਤ ਹਨ ਅਤੇ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹਨ।

PFRDA ਅਨੁਸਾਰ UPS ਪੈਨਸ਼ਨਰਾਂ ਲਈ ਹਰ ਸਾਲ 30 ਨਵੰਬਰ ਤੱਕ ਲਾਈਫ਼ ਸਰਟੀਫ਼ਿਕੇਟ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਸਮੇਂ ਸਿਰ ਪ੍ਰਮਾਣ ਪੱਤਰ ਜਮ੍ਹਾਂ ਨਾ ਕਰਨ ਦੀ ਸੂਰਤ ਵਿੱਚ ਮਹੀਨਾਵਾਰ ਪੈਨਸ਼ਨ ਦਾ ਭੁਗਤਾਨ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਪੈਨਸ਼ਨਰਾਂ ਨੂੰ ਆਖਰੀ ਮਿਤੀ ਦਾ ਇੰਤਜ਼ਾਰ ਕੀਤੇ ਬਿਨਾਂ ਸਮਾਂ ਰਹਿੰਦਿਆਂ ਇਹ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ।


author

Inder Prajapati

Content Editor

Related News