MG Motor ਇਲੈਕਟ੍ਰਿਕ ਕਾਰਾਂ ਦੇ ਕਾਰੋਬਾਰ ਦੀ ਦੌੜ ''ਚ ਮਹਿੰਦਰਾ-ਹਿੰਦੂਜਾ, JSW ਦੀ ਵੀ ਹੋਵੇਗੀ ਐਂਟਰੀ
Thursday, Jun 15, 2023 - 02:19 PM (IST)

ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਅਤੇ ਹਿੰਦੂਜਾ ਗਰੁੱਪ (ਅਸ਼ੋਕ ਲੇਲੈਂਡ ਦੇ ਪ੍ਰਮੋਟਰ) ਵੀ ਐਮਜੀ ਮੋਟਰ ਇੰਡੀਆ ਦੇ ਇਲੈਕਟ੍ਰਿਕ ਕਾਰ ਕਾਰੋਬਾਰ ਵਿੱਚ ਹਿੱਸੇਦਾਰੀ ਖਰੀਦਣ ਲਈ ਮੈਦਾਨ ਵਿੱਚ ਆ ਗਈਆਂ ਹਨ। ਇਸ ਹਿੱਸੇਦਾਰੀ ਦੀ ਕੀਮਤ 8,000 ਕਰੋੜ ਰੁਪਏ ਤੱਕ ਹੋ ਸਕਦੀ ਹੈ। ਇਸ ਕਾਰੋਬਾਰ 'ਤੇ JSW ਪਹਿਲਾਂ ਹੀ 48 ਫ਼ੀਸਦੀ ਹਿੱਸੇਦਾਰੀ ਖਰੀਦਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਨਿਵੇਸ਼ ਬੈਂਕਿੰਗ ਨਾਲ ਜੁੜੇ ਸੂਤਰਾਂ ਅਨੁਸਾਰ ਐੱਮਜੀ ਮੋਟਰ ਇੰਡੀਆ ਨੇ ਇਲੈਕਟ੍ਰਿਕ ਕਾਰ ਕਾਰੋਬਾਰ ਵਿੱਚ ਹਿੱਸੇਦਾਰੀ ਪਾਉਣ ਲਈ ਕੰਪਨੀਆਂ ਤੋਂ ਦਿਲਚਸਪੀ ਲਈ ਪੱਤਰਾਂ ਦੀ ਮੰਗ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਬਾਈਡਿੰਗ ਪ੍ਰਸਤਾਵ ਨਹੀਂ ਆਇਆ। MG ਮੋਟਰ ਇੰਡੀਆ ਚੀਨੀ ਆਟੋਮੇਕਰ SAIC ਮੋਟਰ ਦੀ ਮਲਕੀਅਤ ਹੈ। ਨਿਵੇਸ਼ ਬੈਂਕਰਾਂ ਅਨੁਸਾਰ ਚੀਨੀ ਕੰਪਨੀ ਇਸ ਵਿੱਚ ਘੱਟ-ਗਿਣਤੀ ਹਿੱਸੇਦਾਰੀ ਬਰਕਰਾਰ ਰੱਖੇਗੀ।
ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਮਹਿੰਦਰਾ ਗਰੁੱਪ ਅਤੇ ਹਿੰਦੂਜਾ ਗਰੁੱਪ ਦਾ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਦੂਜੇ ਪਾਸੇ ਐੱਮਜੀ ਮੋਟਰ ਇੰਡੀਆ ਨੇ ਵੀ ਵਿਕਰੀ ਪ੍ਰਕਿਰਿਆ 'ਤੇ ਕੁਝ ਨਹੀਂ ਕਿਹਾ। ਅਸ਼ੋਕ ਲੇਲੈਂਡ ਅਤੇ ਮਹਿੰਦਰਾ ਐਂਡ ਮਹਿੰਦਰਾ ਪਹਿਲਾਂ ਤੋਂ ਹੀ ਵਾਹਨ ਕਾਰੋਬਾਰ ਵਿੱਚ ਆਪਣੇ ਪੈਰ ਜਮ੍ਹਾਂ ਕੇ ਬੈਠੇ ਹੋਏ ਹਨ। ਇਸ ਕਾਰੋਬਾਰ ਵਿੱਚ ਜੇਐੱਸਡਬਲਯੂ ਨੇ ਅਜੇ ਕਦਮ ਰੱਖਣਾ ਹੈ। ਸੱਜਣ ਜਿੰਦਲ ਦੇ JSW ਗਰੁੱਪ ਦੀਆਂ ਨਿੱਜੀ ਸੰਸਥਾਵਾਂ ਹਿੱਸੇਦਾਰੀ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਪਰ ਸੂਚੀਬੱਧ ਕੰਪਨੀਆਂ ਇਸ ਤੋਂ ਦੂਰ ਰਹਿਣਗੀਆਂ।