ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ
Thursday, Sep 05, 2024 - 06:18 PM (IST)

ਨਵੀਂ ਦਿੱਲੀ (ਇੰਟ.) – ਬਾਜ਼ਾਰ ਰੈਗੂਲੇਟਰੀ ਸੇਬੀ ਦੀ ਮੁਖੀ ਮਾਧਬੀ ਪੁਰੀ ਬੁਚ ਦਾ ਵਿਵਾਦਾਂ ਤੋਂ ਪਿੱਛਾ ਹੀ ਨਹੀਂ ਛੁੱਟ ਰਿਹਾ ਹੈ। ਇਕ ਵਿਵਾਦ ਖਤਮ ਹੁੰਦਾ ਹੈ, ਉਸ ਤੋਂ ਪਹਿਲਾਂ ਦੂਜਾ ਨਵਾਂ ਵਿਵਾਦ ਖੜ੍ਹਾ ਹੋ ਜਾਂਦਾ ਹੈ। ਇਸ ਵਾਰ ਉਨ੍ਹਾਂ ’ਤੇ ਦਫਤਰ ਦਾ ਮਾਹੌਲ ਖਰਾਬ ਕਰਨ, ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਮਾੜਾ ਵਤੀਰਾ ਅਪਨਾਉਣ ਅਤੇ ਗਲਤ ਭਾਸ਼ਾ ਦੀ ਵਰਤੋਂ ਕਰਨ ਵਰਗੇ ਗੰਭੀਰ ਦੋਸ਼ ਲੱਗੇ ਹਨ।
ਇਕ ਰਿਪੋਰਟ ਅਨੁਸਾਰ ਸੇਬੀ ਦੇ ਚੇਅਰਪਰਸਨ ’ਤੇ ਇਹ ਦੋਸ਼ ਸੇਬੀ ਦੇ ਹੀ ਅਧਿਕਾਰੀਆਂ ਵੱਲੋਂ ਲਗਾਏ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੇਬੀ ਦੇ ਅਧਿਕਾਰੀਆਂ ਨੇ ਰੈਗੂਲੇਟਰੀ ਦੀ ਮੁਖੀ ਮਾਧਬੀ ਪੁਰੀ ਬੁਚ ਦੇ ਖਰਾਬ ਰਵੱਈਏ ਦੀ ਸ਼ਿਕਾਇਤ ਸਰਕਾਰ ਨੂੰ ਕੀਤੀ ਹੈ ਅਤੇ ਕੰਮ ਕਰਨ ਦੇ ਮਾਹੌਲ ਨੂੰ ਖਰਾਬ ਕਰਨ (ਟਾਕਸਿਕ ਵਰਕ ਕਲਚਰ) ਦਾ ਦੋਸ਼ ਲਗਾਇਆ ਹੈ। ਸੇਬੀ ਦੇ ਅਧਿਕਾਰੀਆਂ ਨੇ ਇਹ ਸ਼ਿਕਾਇਤ ਪਿਛਲੇ ਮਹੀਨੇ ਵਿੱਤ ਮੰਤਰਾਲਾ ਨੂੰ ਕੀਤੀ ਸੀ।
ਰਿਪੋਰਟ ਅਨੁਸਾਰ ਸੇਬੀ ਦੇ ਅਧਿਕਾਰੀਆਂ ਨੇ ਵਿੱਤ ਮੰਤਰਾਲਾ ਨੂੰ ਪੱਤਰ ਲਿਖ ਕੇ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਧਬੀ ਪੁਰੀ ਬੁਚ ਟਾਕਸਿਕ ਵਰਕ ਕਲਚਰ ਨੂੰ ਵਧਾ ਰਹੀ ਹੈ। ਉਨ੍ਹਾਂ ਦੇ ਦਫਤਰ ’ਚ ਬੈਠਕਾਂ ’ਚ ਲੋਕਾਂ ’ਤੇ ਚੀਕਣਾ ਅਤੇ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਨਾ ਆਮ ਗੱਲ ਹੋ ਗਈ ਹੈ। ਹਾਲਾਂਕਿ ਸੇਬੀ ਦਾ ਕਹਿਣਾ ਹੈ ਕਿ ਇਸ ਮੁੱਦੇ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਸ਼ਿਕਾਇਤ ’ਤੇ 500 ਕਰਮਚਾਰੀਆਂ ਦੇ ਹਸਤਾਖਰ
ਇਨ੍ਹਾਂ ਦੋਸ਼ਾਂ ਨੂੰ ਲੈ ਕੇ ਸੇਬੀ ਨਾਲ ਸੰਪਰਕ ਕੀਤਾ ਗਿਆ ਤਾਂ ਈ-ਮੇਲ ਰਾਹੀਂ ਦੱਸਿਆ ਗਿਆ ਕਿ ਸੇਬੀ ਨੇ ਕਰਮਚਾਰੀਆਂ ਦੇ ਇਸ ਮੁੱਦੇ ਦਾ ਪਹਿਲਾਂ ਹੀ ਨਿਪਟਾਰਾ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਮੰਤਰਾਲਾ ਨੂੰ ਭੇਜੇ ਗਏ ਸ਼ਿਕਾਇਤੀ ਪੱਤਰ ’ਤੇ ਸੇਬੀ ਦੇ ਲਗਭਗ 500 ਕਰਮਚਾਰੀਆਂ ਦੇ ਹਸਤਾਖਰ ਹਨ। ਸੇਬੀ ਦੇ ਕਰਮਚਾਰੀਆਂ ਦੀ ਕੁਲ ਗਿਣਤੀ ਲਗਭਗ ਇਕ ਹਜ਼ਾਰ ਹੈ।