ਇੰਤਜ਼ਾਰ ਖ਼ਤਮ, ਲੂਪਿਨ ਦੇ ਵਿੱਤੀ ਨਤੀਜੇ ਜਾਰੀ, ਇੰਨਾ ਰਿਹਾ ਕੰਪਨੀ ਦਾ ਮੁਨਾਫਾ
Thursday, May 13, 2021 - 02:25 PM (IST)
ਨਵੀਂ ਦਿੱਲੀ- ਕੋਵਿਡ ਮਹਾਮਾਰੀ ਵਿਚਕਾਰ ਬੁਹਤ ਸਾਰੇ ਨਿਵੇਸ਼ਕ ਫਾਰਮਾ ਸਟਾਕਸ 'ਤੇ ਪੈਸਾ ਲਾ ਰਹੇ ਹਨ, ਇਸ ਨਾਲ ਕਿਸੇ ਨੂੰ ਮੁਨਾਫਾ ਤੇ ਕਿਸੇ ਨੂੰ ਘਾਟਾ ਦੋਵੇਂ ਨਾਲ-ਨਾਲ ਚੱਲ ਰਹੇ ਹਨ। ਪਿਛੇ ਜਿਹੇ ਲੂਪਿਨ ਵੀ ਕਾਫ਼ੀ ਦੌੜਿਆ ਹੈ। ਇਸ ਵਿਚਕਾਰ ਨਿਵੇਸ਼ਕਾਂ ਨੂੰ ਕੰਪਨੀ ਦੇ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਨਤੀਜਿਆਂ ਦੀ ਵੀ ਉਡੀਕ ਸੀ। ਖ਼ਾਸਕਰ ਕੰਪਨੀ ਦੀ ਕੁਮੈਂਟਰੀ 'ਤੇ ਨਿਵੇਸ਼ਕਾਂ ਦੀ ਪ੍ਰਤੀਕਿਰਿਆ ਹੋਵੇਗੀ।
ਦਵਾ ਨਿਰਮਾਤਾ ਕੰਪਨੀ ਲੂਪਿਨ ਨੇ ਵੀਰਵਾਰ ਨੂੰ ਨਤੀਜੇ ਜਾਰੀ ਕਰ ਦਿੱਤੇ ਹਨ। 31 ਮਾਰਚ 2021 ਨੂੰ ਸਮਾਪਤ ਤਿਮਾਹੀ ਵਿਚ ਕੰਪਨੀ ਦਾ ਸ਼ੁੱਧ ਮੁਨਾਫਾ 18 ਫ਼ੀਸਦੀ ਵੱਧ ਕੇ 460 ਕਰੋੜ ਰੁਪਏ ਰਿਹਾ।
ਕੰਪਨੀ ਨੇ ਦੱਸਿਆ ਕਿ ਘਰੇਲੂ ਤੇ ਕੌਮਾਂਤਰੀ ਬਾਜ਼ਾਰ ਵਿਚ ਵਿਕਰੀ ਵਧਣ ਨਾਲ ਉਸਦਾ ਮੁਨਾਫਾ ਵਧਿਆ ਹੈ। ਮੁੰਬਈ ਸਥਿਤ ਕੰਪਨੀ ਨੇ 2019-20 ਦੀ ਇਸ ਤਿਮਾਹੀ ਵਿਚ 390 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ। ਲੂਪਿਨ ਨੇ ਇਕ ਬਿਆਨ ਵਿਚ ਕਿਹਾ ਕਿ ਹਾਲਾਂਕਿ, ਇਸ ਦੌਰਾਨ ਉਸ ਦੀ ਸੰਚਾਲਨ ਤੋਂ ਕੁੱਲ ਆਮਦਨ ਘੱਟ ਕੇ 3,783 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਮਿਆਦ ਵਿਚ 3,846 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ਦੌਰਾਨ ਕੰਪਨੀ ਨੇ 1,216 ਕਰੋੜ ਰੁਪਏ ਦਾ ਸਮੂਹਿਕ ਲਾਭ ਦਰਜ ਕੀਤਾ, ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੌਰਾਨ ਉਸ ਨੂੰ 269 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਇਸ ਦੌਰਾਨ ਸੰਚਾਲਨ ਤੋਂ ਕੁੱਲ ਆਮਦਨ 15,163 ਕਰੋੜ ਰੁਪਏ ਰਹੀ, ਜੋ 2019-20 ਵਿਚ 15,375 ਕਰੋੜ ਰੁਪਏ ਸੀ।