ਪੈਟਰੋਲੀਅਮ ਮੰਤਰੀ ਨੇ ਦਿੱਤੇ ਸੰਕੇਤ, ਅਗਲੇ ਮਹੀਨੇ ਤੋਂ ਸਸਤਾ ਹੋ ਸਕਦਾ ਹੈ LPG ਗੈਸ ਸਿਲੰਡਰ

02/21/2020 8:46:58 AM

ਨਵੀਂ ਦਿੱਲੀ — ਸਾਲ 2020 ਦੇ ਦੂਜੇ ਮਹੀਨੇ ਫਰਵਰੀ ਵਿਚ ਘਰੇਲੂ ਰਸੌਈ ਗੈਸ ਸਿਲੰਡਰ ਦੀ ਕੀਮਤ 'ਚ ਭਾਰੀ ਵਾਧੇ ਦੇ ਬਾਅਦ ਹੁਣ ਅਗਲੇ ਮਹੀਨੇ ਇਸ ਦੀ ਕੀਮਤ 'ਚ ਗਿਰਾਵਟ ਆ ਸਕਦੀ ਹੈ। ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਕੇਂਦਰ ਸਰਕਾਰ ਦੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਯਾਨੀ ਕਿ ਅੱਜ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਮਹੀਨਿਆਂ ਵਿਚ ਇਸ ਦੀ ਕੀਮਤ 'ਚ ਕਮੀ ਆ ਸਕਦੀ ਹੈ। 

ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਸੱਚ ਨਹੀਂ ਹੈ ਕਿ ਦੇਸ਼ 'ਚ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਫਰਵਰੀ ਮਹੀਨੇ 'ਚ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤਾਂ 'ਚ ਤੇਜ਼ੀ ਕਾਰਨ ਘਰੇਲੂ ਪੱਧਰ 'ਤੇ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਮਹੀਨਿਆਂ ਵਿਚ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਸਰਕਾਰ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅੰਤਰਰਾਸ਼ਟਰੀ ਬਜ਼ਾਰ ਵਿਚ ਜਨਵਰੀ 2020 'ਚ ਐਲ.ਪੀ.ਜੀ. ਦੀ ਕੀਮਤ 448 ਡਾਲਰ ਮੀਟ੍ਰਿਕ ਟਨ ਤੋਂ ਵਧ ਕੇ 567 ਡਾਲਰ ਮੀਟ੍ਰਿਕ ਟਨ ਹੋਣ ਦੇ ਕਾਰਨ ਕੀਮਤਾਂ ਵਿਚ ਵਾਧਾ ਕਰਨ ਲਈ ਮਜਬੂਰ ਹੋਣਾ ਪਿਆ ਸੀ।

ਫਰਵਰੀ 'ਚ 144.50 ਰੁਪਏ ਮਹਿੰਗਾ ਹੋਇਆ ਹੈ ਗੈਸ ਸਿਲੰਡਰ

ਸਰਕਾਰੀ ਗੈਸ ਮਾਰਕੀਟਿੰਗ ਕੰਪਨੀਆਂ ਨੇ 12 ਫਰਵਰੀ ਨੂੰ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਵਿਚ 144.50 ਰੁਪਏ ਪ੍ਰਤੀ ਸਿਲੰਡਰ(14.2 ਕਿਲੋ) ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰਾਜਧਾਨੀ ਦਿੱਲੀ 'ਚ LPG ਗੈਸ ਸਿਲੰਡਰ ਦੀ ਕੀਮਤ ਵਧ ਕੇ 858.50 ਰੁਪਏ ਪ੍ਰਤੀ ਸਿਲੰਡਰ ਤੱਕ ਪਹੁੰਚ ਗਈ ਹੈ। ਗੈਸ ਮਾਰਕੀਟਿੰਗ ਕੰਪਨੀਆਂ ਹਰੇਕ ਮਹੀਨੇ ਦੀ 1 ਤਾਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਵਿਧਾਨ ਸਭਾ ਚੋਣਾਂ ਦੇ ਕਾਰਨ ਫਰਵਰੀ 'ਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਦਾ ਐਲਾਨ ਦੇਰ ਨਾਲ ਕੀਤਾ ਗਿਆ ਸੀ।

ਸਬਸਿਡੀ 'ਚ ਕੀਤਾ ਸੀ ਦੁੱਗਣਾ ਵਾਧਾ

ਕੇਂਦਰ ਸਰਕਾਰ ਵਲੋਂ 13 ਫਰਵਰੀ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਦੇ ਨਾਲ ਹੀ ਉਪਭੋਗਤਾਵਾਂ ਨੂੰ ਮਿਲਣ ਵਾਲੀ ਸਬਸਿਡੀ ਵੀ ਦੁੱਗਣੀ ਕਰ ਦਿੱਤੀ ਹੈ। ਸਰਕਾਰੀ ਬਿਆਨ ਅਨੁਸਾਰ ਹੁਣ ਘਰੇਲੂ ਐਲ.ਪੀ.ਜੀ. 'ਤੇ ਸਬਸਿਡੀ 153.86 ਰੁਪਏ ਤੋਂ ਵਧ ਕੇ 291.48 ਰੁਪਏ ਪ੍ਰਤੀ ਸਿਲੰਡਰ ਅਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭ ਪਾਤਰਾਂ ਦੀ ਸਬਸਿਡੀ 174.86 ਰੁਪਏ ਤੋਂ ਵਧਾ ਕੇ 312.48 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ।


Related News