ਨੌਕਰੀਪੇਸ਼ਾ ਲੋਕਾਂ ਲਈ ਗੁੱਡ ਨਿਊਜ਼, PF ''ਚ ਮਿਲਣ ਜਾ ਰਹੀ ਹੈ ਇੰਨੀ ਛੋਟ

01/22/2020 3:37:03 PM

ਨਵੀਂ ਦਿੱਲੀ— ਨਿੱਜੀ ਨੌਕਰੀਪੇਸ਼ਾ ਹੋ ਤਾਂ ਜਲਦ ਹੀ ਤੁਹਾਨੂੰ ਪੀ. ਐੱਫ. 'ਚ ਇਕ ਸੁਵਿਧਾ ਮਿਲਣ ਵਾਲੀ ਹੈ, ਜਿਸ ਤਹਿਤ ਤੁਸੀਂ 3 ਫੀਸਦੀ ਤੱਕ ਯੋਗਦਾਨ ਘਟਾ ਸਕੋਗੇ। ਇਸ ਨਾਲ ਤੁਹਾਡੀ ਟੇਕ ਹੋਮ ਸੈਲਰੀ 'ਚ ਵਾਧਾ ਹੋ ਜਾਵੇਗਾ। ਹਾਲਾਂਕਿ, ਸਰਕਾਰੀ ਸੂਤਰਾਂ ਮੁਤਾਬਕ ਪੀ. ਐੱਫ. ਤਹਿਤ ਘੱਟ ਯੋਗਦਾਨ ਨਿਯਮ ਸਾਰਿਆਂ 'ਤੇ ਲਾਗੂ ਨਹੀਂ ਹੋਵੇਗਾ। ਸਿਰਫ ਨੌਕਰੀ ਕਰਨ ਵਾਲੀ ਮਹਿਲਾ, ਦਿਵਿਆਂਗਾਂ ਅਤੇ 25-35 ਸਾਲ ਤੱਕ ਦੇ ਨੌਜਵਾਨ ਪੁਰਸ਼ਾਂ ਨੂੰ ਹੀ ਪੀ. ਐੱਫ. 'ਚ ਆਪਣਾ ਯੋਗਦਾਨ 2-3 ਫੀਸਦੀ ਘਟਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

 

ਸੂਤਰਾਂ ਮੁਤਾਬਕ, ਕਿਰਤ ਮੰਤਰਾਲਾ ਨੇ ਇਸ ਸੰਬੰਧੀ ਪ੍ਰਸਤਾਵ 'ਤੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਦਾ ਫੈਸਲਾ ਹੋ ਸਕਦਾ ਹੈ। ਸਰਕਾਰ ਇਹ ਸਮਝਦੀ ਹੈ ਕਿ ਸੇਵਾਮੁਕਤੀ ਸਮੇਂ ਸਮਾਜਿਕ ਸੁਰੱਖਿਆ ਦੀ ਜ਼ਰੂਰਤ ਹੈ। ਹਾਲਾਂਕਿ, ਨੌਜਵਾਨ ਕਰਮਚਾਰੀਆਂ ਨੂੰ ਆਪਣੀ ਨੌਕਰੀ ਦੇ ਸ਼ੁਰੂਆਤੀ ਸਾਲਾਂ 'ਚ ਵਿਆਹ, ਰਿਹਾਇਸ਼ ਤੇ ਹੋਰ ਜ਼ਰੂਰਤਾਂ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਪ੍ਰਸਤਾਵ ਹੈ ਕਿ ਕੁਝ ਸ਼੍ਰੇਣੀ ਦੇ ਲੋਕਾਂ ਨੂੰ ਪ੍ਰੋਵੀਡੈਂਟ ਫੰਡ (ਪੀ. ਐੱਫ.) 'ਚ ਕਮੀ ਕਰਨ ਦੀ ਛੋਟ ਦਿੱਤੀ ਜਾਵੇ।

ਮੌਜੂਦਾ ਸਮੇਂ ਸਾਰੇ ਨੌਕਰੀਪੇਸ਼ਾ ਲੋਕਾਂ ਨੂੰ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਤਹਿਤ ਆਪਣੀ ਬੇਸਿਕ ਸੈਲਰੀ ਦਾ 12 ਫੀਸਦੀ ਪੀ. ਐੱਫ. ਲਈ ਕਟਵਾਉਣਾ ਲਾਜ਼ਮੀ ਹੈ। ਕੰਪਨੀ ਵੀ ਇਸ 'ਚ ਇੰਨਾ ਹੀ ਯੋਗਦਾਨ ਕਰਦੀ ਹੈ। 'ਸੋਸ਼ਲ ਸਕਿਓਰਟੀ ਕੋਡ 2019' 'ਚ ਕਿਰਤ ਮੰਤਰਾਲਾ ਨੇ ਕਰਮਚਾਰੀ ਭਵਿੱਖ ਫੰਡ ਤੇ ਮਿਸਲੇਨੀਅਸ ਪ੍ਰੋਵੀਜ਼ਨਸ ਐਕਟ 'ਚ ਕਰਮਚਾਰੀ ਨੂੰ ਸਹੂਲਤ ਦਿੰਦੇ ਹੋਏ ਵੱਖ-ਵੱਖ ਦਰਾਂ ਦੇ ਯੋਗਦਾਨ ਦਾ ਪ੍ਰਸਤਾਵ ਦਿੱਤਾ ਹੈ, ਜਦੋਂ ਕਿ ਕੰਪਨੀ ਦੇ ਯੋਗਦਾਨ 'ਚ ਕੋਈ ਤਬਦੀਲੀ ਦੀ ਤਜਵੀਜ਼ ਨਹੀਂ ਦਿੱਤੀ ਗਈ ਹੈ। ਸੰਸਦ 'ਚ ਰੱਖਿਆ ਜਾ ਚੁੱਕਾ ਇਹ ਬਿੱਲ ਮੌਜੂਦਾ ਸਮੇਂ ਕਿਰਤ ਮਾਮਲਿਆਂ ਦੀ ਸਥਾਈ ਕਮੇਟੀ ਕੋਲ ਹੈ। ਸੰਸਦ ਦੀ ਮਨਜ਼ੂਰੀ ਮਿਲਣ 'ਤੇ ਕਿਰਤ ਮੰਤਰਾਲਾ ਵੱਲੋਂ ਜਲਦ ਹੀ ਇਸ ਨੂੰ ਨੋਟੀਫਾਈ ਕਰ ਦਿੱਤਾ ਜਾਵੇਗਾ।


Related News