ਵਿਦੇਸ਼ਾਂ ''ਚ ਤੇਲ ਦਾ ਸਟਾਕ ਘੱਟ ਹੋਣ ਨਾਲ ਸਥਾਨਕ ਤੇਲ ਕੀਮਤਾਂ ''ਚ ਤੇਜ਼ੀ

Sunday, Oct 11, 2020 - 04:19 PM (IST)

ਵਿਦੇਸ਼ਾਂ ''ਚ ਤੇਲ ਦਾ ਸਟਾਕ ਘੱਟ ਹੋਣ ਨਾਲ ਸਥਾਨਕ ਤੇਲ ਕੀਮਤਾਂ ''ਚ ਤੇਜ਼ੀ

ਨਵੀਂ ਦਿੱਲੀ— ਵਿਸ਼ਵ ਭਰ 'ਚ ਸੋਇਆਬੀਨ ਦਾਣਾ ਸਮੇਤ ਖੁਰਾਕੀ ਤੇਲ ਦਾ ਸਟਾਕ ਘੱਟ ਹੋਣ ਦੇ ਨਾਲ ਹੀ ਸਥਾਨਕ ਪੱਧਰ 'ਤੇ ਤਿਉਹਾਰੀ ਮੰਗ ਵਧਣ ਨਾਲ ਬੀਤੇ ਹਫ਼ਤੇ ਦਿੱਲੀ ਦੇ ਤੇਲ-ਤਿਲਹਣ ਬਾਜ਼ਾਰ 'ਚ ਸੋਇਆਬੀਨ ਸਮੇਤ ਹੋਰ ਖੁਰਾਕੀ ਤੇਲ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਸ਼ਵ ਭਰ 'ਚ ਸੋਇਆਬੀਨ ਦਾਣਾ ਦੇ ਨਾਲ-ਨਾਲ ਖਾਣ ਵਾਲੇ ਤੇਲਾਂ ਦਾ ਸਟਾਕ ਘੱਟ ਹੋਇਆ ਹੈ ਅਤੇ ਮਲੇਸ਼ੀਆ 'ਚ ਭਾਰੀ ਬਰਸਾਤ ਕਾਰਨ ਤੇਲ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਪਿਛਲੇ ਹਫ਼ਤੇ ਜੋ ਪਾਮ ਤੇਲ 705 ਡਾਲਰ ਪ੍ਰਤੀ ਟਨ 'ਤੇ ਸੀ ਉਹ ਵੱਧ ਕੇ ਹੁਣ 785 ਡਾਲਰ ਪ੍ਰਤੀ ਟਨ 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਹੋਰ ਦਰਾਮਦ ਹੋਣ ਵਾਲੇ ਤੇਲ ਵੀ ਮਹਿੰਗੇ ਹੋ ਗਏ ਹਨ।

ਉੱਥੇ ਹੀ, ਗੁਜਰਾਤ ਸਮੇਤ ਕੁਝ ਹੋਰ ਸੂਬਾ ਸਰਕਾਰਾਂ ਵੱਲੋਂ ਐੱਮ. ਐੱਸ. ਪੀ. 'ਤੇ ਮੂੰਗਫਲੀ (ਦਾਣਾ) ਖਰੀਦ ਕਰਨ ਦੇ ਭਰੋਸੇ ਤੋਂ ਬਾਅਦ ਕਿਸਾਨ ਘੱਟ ਮਾਤਰਾ 'ਚ ਉਪਜ ਨੂੰ ਮੰਡੀਆਂ 'ਚ ਲਿਆ ਰਹੇ ਹਨ, ਜਿਸ ਨਾਲ ਪਿਛਲੇ ਹਫਤੇ ਦੇ ਮੁਕਾਬਲੇ ਮੂੰਗਫਲੀ 100 ਰੁਪਏ ਦੇ ਸੁਧਾਰ ਨਾਲ 5,015-5,065 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ। ਇਸ ਤੋਂ ਇਲਾਵਾ ਮੂੰਗਫਲੀ ਤੇਲ 300 ਰੁਪਏ ਮਹਿੰਗਾ ਹੋ ਕੇ 12,500 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ। ਉੱਥੇ ਹੀ, ਪਾਮੋਲੀਨ ਦਿੱਲੀ ਅਤੇ ਪਾਮੋਲੀਨ ਐਕਸ-ਕਾਂਡਲਾ ਦੀ ਕੀਮਤ ਕ੍ਰਮਵਾਰ 250 ਰੁਪਏ ਅਤੇ 200 ਰੁਪਏ ਦੇ ਸੁਧਾਰ ਨਾਲ 9,300 ਰੁਪਏ ਅਤੇ 8,500 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ। ਸਥਾਨਕ ਮੰਗ ਸੁਧਰਣ ਨਾਲ ਬਿਨੌਲਾ ਮਿਲ ਡਿਲਿਵਰੀ (ਹਰਿਆਣਾ) ਦਾ ਮੁੱਲ ਵੀ 50 ਰੁਪਏ ਵੱਧ ਕੇ 9,050 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ।


author

Sanjeev

Content Editor

Related News