ਐੱਲ. ਆਈ. ਸੀ. ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਦੇ ਨਾਂ ''ਤੇ ਹੋ ਰਿਹੈ ਫਰਾਡ
Wednesday, Nov 29, 2017 - 12:56 AM (IST)
ਨਵੀਂ ਦਿੱਲੀ (ਇੰਟ.)-ਮੋਬਾਇਲ ਨੰਬਰ ਅਤੇ ਬੈਂਕ ਖਾਤਿਆਂ ਨਾਲ ਲਿੰਕ ਕਰਨ ਤੋਂ ਇਲਾਵਾ ਹੁਣ ਬੀਮਾ ਪਾਲਿਸੀ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਇਸ ਜ਼ਰੂਰਤ ਨੂੰ ਦੇਖਦਿਆਂ ਕੁਝ ਲੋਕਾਂ ਨੇ ਫਰਾਡ ਕਰਨਾ ਸ਼ੁਰੂ ਕਰ ਦਿੱਤਾ ਹੈ।
ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਇਸ ਸਬੰਧੀ ਆਪਣੀ ਵੈੱਬਸਾਈਟ 'ਤੇ ਇਕ ਸੂਚਨਾ ਜਾਰੀ ਕੀਤੀ ਹੈ। ਇਸ 'ਚ ਉਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਐੱਲ. ਆਈ. ਸੀ. ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਦੇ ਨਾਂ 'ਤੇ ਧੋਖਾਦੇਹੀ ਹੋ ਰਹੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਅਜਿਹੇ ਹੀ ਇਕ ਧੋਖਾਦੇਹੀ ਦੇ ਮਾਮਲੇ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਐੱਲ. ਆਈ. ਸੀ. ਦੇ ਨਾਂ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ 'ਚ ਪਾਲਿਸੀ ਹੋਲਡਰਾਂ ਨੂੰ ਉਨ੍ਹਾਂ ਦੀ ਪਾਲਿਸੀ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਲਈ ਪੋਸਟ 'ਚ ਇੰਸ਼ੋਰੈਂਸ ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਲਈ ਇਕ ਨੰਬਰ 'ਤੇ ਐੱਸ. ਐੱਮ. ਐੱਸ. ਕਰਨ ਲਈ ਕਿਹਾ ਜਾ ਰਿਹਾ ਹੈ। ਕੰਪਨੀ ਨੇ ਨੋਟਿਸ 'ਚ ਕਿਹਾ ਹੈ ਕਿ ਉਸ ਵੱਲੋਂ ਅਜਿਹਾ ਕੋਈ ਵੀ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਉਸ ਨੇ ਇਹ ਵੀ ਸਾਫ ਕੀਤਾ ਹੈ ਕਿ ਮੈਸੇਜ ਰਾਹੀਂ ਆਧਾਰ ਨੂੰ ਬੀਮਾ ਪਾਲਿਸੀ ਨਾਲ ਲਿੰਕ ਕਰਨ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸੇਜ ਆਏ ਤਾਂ ਅਜਿਹਾ ਨਾ ਕਰੋ। ਹੋ ਸਕਦਾ ਹੈ ਕਿ ਇਸ ਰਾਹੀਂ ਕੋਈ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਲਵੇ ਅਤੇ ਤੁਹਾਡੇ ਨਾਲ ਧੋਖਾਦੇਹੀ ਹੋ ਜਾਵੇ।
