ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਗਲੋਬਲ ਮਾਰਕੀਟਸ ਦਾ ਹਾਲ

Monday, Apr 09, 2018 - 08:58 AM (IST)

ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਗਲੋਬਲ ਮਾਰਕੀਟਸ ਦਾ ਹਾਲ

ਨਵੀਂ ਦਿੱਲੀ— ਭਾਰਤੀ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਗਲੋਬਲ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ, ਨੈਸਡੈਕ ਕੰਪੋਜਿਟ ਅਤੇ ਐੱਸ. ਡੀ. ਪੀ. ਗਿਰਾਵਟ ਨਾਲ ਬੰਦ ਹੋਏ। ਅਮਰੀਕੀ ਬਾਜ਼ਾਰਾਂ 'ਤੇ ਟਰੇਡ ਵਾਰ ਅਤੇ ਫੈਡਰਲ ਮੁਖੀ ਜੇਰੋਮ ਵੱਲੋਂ ਵਿਆਜ ਦਰਾਂ 'ਚ ਵਾਧਾ ਜਾਰੀ ਰੱਖਣ ਦੇ ਬਿਆਨ ਦਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਡਾਓ ਫਿਊਚਰਸ 'ਚ ਸੋਮਵਾਰ ਦੇ ਸਤਰ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ, ਇਹ 109 ਅੰਕ ਵਧ ਕੇ 24,035 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਜਾਪਾਨ ਦੇ ਬਾਜ਼ਾਰ ਨਿੱਕੇਈ ਅਤੇ ਹਾਂਗ ਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ ਤੇਜ਼ੀ ਹੈ, ਜਦੋਂ ਕਿ ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ 9 ਤੋਂ ਜ਼ਿਆਦਾ ਅੰਕ ਡਿੱਗ ਕੇ 10,332 ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਇਸ ਦੌਰਾਨ ਮਜ਼ਬੂਤੀ 'ਚ ਆਉਂਦਾ ਦਿਖਾਈ ਦੇ ਰਿਹਾ ਹੈ। ਫਿਲਹਾਲ ਇਹ ਸਪਾਟ ਕਾਰੋਬਾਰ ਕਰ ਰਿਹਾ ਹੈ। ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

ਸੈਂਸੈਕਸ-ਨਿਫਟੀ ਦੇ ਪਿਛਲੇ ਹਫਤੇ 'ਤੇ ਇਕ ਨਜ਼ਰ
— ਵਿੱਤੀ ਸਾਲ ਦੇ ਪਹਿਲੇ ਹਫਤੇ ਪੰਜ 'ਚੋਂ ਚਾਰ ਕਾਰੋਬਾਰੀ ਦਿਨ ਬਾਜ਼ਾਰ 'ਚ ਤੇਜ਼ੀ ਰਹੀ। ਇਸ ਵਿਚਕਾਰ ਵੀਰਵਾਰ ਨੂੰ ਬਾਜ਼ਾਰ 'ਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਅਤੇ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਾ ਕਰਨ ਅਤੇ ਸੇਵਾ ਖੇਤਰ ਦੀਆਂ ਸਰਗਰਮੀਆਂ ਦੀ ਤੇਜ਼ੀ ਨਾਲ ਉਤਸ਼ਾਹਤ ਨਿਵੇਸ਼ਕਾਂ ਨੇ ਜਮ ਕੇ ਖਰੀਦਦਾਰੀ ਕੀਤੀ। ਇਸ ਦਿਨ ਸੈਂਸੈਕਸ 577.73 ਅੰਕ ਅਤੇ ਨਿਫਟੀ 196.75 ਅੰਕ ਵਧ ਕੇ ਬੰਦ ਹੋਇਆ। ਹਾਲਾਂਕਿ ਸ਼ੁੱਕਰਵਾਰ ਨੂੰ ਸੈਂਸੈਕਸ 30.17 ਅੰਕ ਦੀ ਤੇਜ਼ੀ 'ਚ 33,626.97 ਅੰਕ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 10,331.60 ਅੰਕ 'ਤੇ ਸਪਾਟ ਰਿਹਾ।
— ਬੀਤੇ ਹਫਤੇ ਸ਼ੁੱਕਰਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਭਾਰਤੀ ਬਾਜ਼ਾਰ 'ਚ 524.85 ਕਰੋੜ ਦੇ ਸ਼ੇਅਰ ਵੇਚੇ ਸਨ, ਜਦੋਂ ਕਿ ਘਰੇਲੂ ਨਿਵੇਸ਼ਕਾਂ (ਡੀ. ਆਈ. ਆਈ.) ਨੇ 1,305.45 ਕਰੋੜ ਦੀ ਖਰੀਦਦਾਰੀ ਕੀਤੀ। 


Related News