ਅਫਰੀਕੀ ਦੇਸ਼ਾਂ ’ਚ ਖੂਬ ਪਸੰਦ ਕੀਤੇ ਜਾ ਰਹੇ ਹਨ ਝਾਰਖੰਡ ਦੇ ਚੌਲ, ਲਗਾਤਾਰ ਮਿਲ ਰਹੇ ਹਨ ਆਰਡਰ

Thursday, Dec 30, 2021 - 09:56 AM (IST)

ਰਾਂਚੀ (ਅਨਸ) – ਅਫਰੀਕੀ ਦੇਸ਼ ਹੁਣ ਝਾਰਖੰਡ ਦੇ ਚੌਲਾਂ ਦੇ ਵੱਡੇ ਖਰੀਦਦਾਰ ਬਣ ਰਹੇ ਹਨ। ਝਾਰਖੰਡ ਦੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਇਨ੍ਹਾਂ ਦੇਸ਼ਾਂ ਤੋਂ ਲਗਾਤਾਰ ਆਰਡਰ ਮਿਲ ਰਹੇ ਹਨ। ਹਾਲ ਹੀ ’ਚ ਰਾਂਚੀ ਸਥਿਤ ਆਲ ਸੀਜ਼ਨ ਫਾਰਮ ਫਰੈੱਸ਼ ਨੂੰ 2200 ਮੀਟ੍ਰਿਕ ਟਨ ਚੌਲਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਖੇਤੀਬਾੜੀ ਮੰਤਰਾਲਾ ਦੇ ਪੋਰਟਲ ਈ-ਨਾਂ ਰਾਹੀਂ ਵੀ ਝਾਰਖੰਡ ਦੇ ਕਿਸਾਨਾਂ ਤੋਂ ਵੱਡੇ ਪੈਮਾਨੇ ’ਤੇ ਝੋਨਾ ਖਰੀਦਿਆ ਜਾ ਰਿਹਾ ਹੈ ਅਤੇ ਆਂਧਰਾ ਪ੍ਰਦੇਸ਼ ਦੀਆਂ ਮਿੱਲਾਂ ’ਚ ਤਿਆਰ ਕੀਤੇ ਜਾ ਰਹੇ ਚੌਲ ਵਿਦੇਸ਼ਾਂ ’ਚ ਬਰਾਮਦ ਕੀਤੇ ਜਾ ਰਹੇ ਹਨ।

ਰਾਂਚੀ ਸਥਿਤ ਬਾਜ਼ਾਰ ਕਮੇਟੀ ਦੇ ਅਧਿਕਾਰੀ ਅਭਿਸ਼ੇਕ ਆਨੰਦ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਆਈ. ਆਰ.-64 ਕੁਆਲਿਟੀ ਦੇ ਚੌਲਾਂ ਦੀ ਬਰਾਮਦ ਕਰਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਰਾਂਚੀ ਸਥਿਤੀ ਆਲ ਸੀਜ਼ਨ ਫਾਰਮ ਫਰੈੱਸ਼ ਨੂੰ ਮਿਲਿਆ ਹੈ। ਛੇਤੀ ਹੀ 80 ਕੰਟੇਨਰ ਚੌਲ ਹਲਦੀਆ, ਪਰਾਦੀਪ ਅਤੇ ਿਵਸ਼ਾਖਾਪਟਨਮ ਸਥਿਤ ਬੰਦਰਗਾਹਾਂ ਰਾਹੀਂ ਦੁਬਈ ਅਤੇ ਅਫਰੀਕੀ ਦੇਸ਼ਾਂ ’ਚ ਚੌਲਾਂ ਦੀ ਸਪਲਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਦੇਸ਼ 'ਚ ਲਗਾਤਾਰ ਵਧ ਰਿਹੈ ਕ੍ਰਿਪਟੋਕਰੰਸੀ ਦਾ ਕ੍ਰੇਜ਼, ਵਿਸ਼ਵ ਵਿਚ ਭਾਰਤੀ ਨਿਵੇਸ਼ਕਾਂ ਦੀ ਗਿਣਤੀ ਸਭ ਤੋਂ ਵੱਧ

ਝਾਰਖੰਡ ਦੇ ਹਜ਼ਾਰੀਬਾਗ ਦੇ ਕਿਸਾਨਾਂ ਨੂੰ ਵੀ ਅਾਂਧਰਾ ਪ੍ਰਦੇਸ਼ ਦੀਆਂ ਰਾਈਸ ਮਿੱਲਾਂ ਤੋਂ ਝੋਨੇ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਬਾਹਰ ਤੋਂ ਆਏ ਵਪਾਰੀ ਅਤੇ ਬਰਾਮਦਕਾਰ ਵੀ ਸਥਾਨਕ ਕਿਸਾਨਾਂ ਤੋਂ ਝੋਨਾ ਖਰੀਦ ਰਹੇ ਹਨ। ਇੱਥੇ ਉਤਪਾਦਿਤ ਝੋਨੇ ਤੋਂ ਬਣੇ ਚੌਲ ਵਿਦੇਸ਼ਾਂ, ਖਾਸ ਤੌਰ ’ਤੇ ਅਫਰੀਕੀ ਦੇਸ਼ਾਂ ’ਚ ਖੂਬ ਪਸੰਦ ਕੀਤੇ ਜਾ ਰਹੇ ਹਨ। ਪਿਛਲੇ 3-4 ਸਾਲਾਂ ’ਚ ਹਜ਼ਾਰੀਬਾਗ ਝੋਨੇ ਦੀ ਵੱਡੀ ਮੰਡੀ ਵਜੋਂ ਵਿਕਸਿਤ ਹੋਇਆ ਹੈ।

ਹਜ਼ਾਰੀਬਾਗ ਤੋਂ ਲਗਭਗ 25 ਕਰੋੜ ਰੁਪਏ ਮੁੱਲ ਦਾ ਝੋਨਾ ਬਰਾਮਦਕਾਰਾਂ ਵਲੋਂ ਖਰੀਦੇ ਜਾਣ ਦੀ ਉਮੀਦ

ਝੋਨੇ ਦੇ ਵਧਦੇ ਕਾਰੋਬਾਰ ਨੂੰ ਦੇਖਦੇ ਹੋਏ ਸੈਂਕੜੇ ਕਿਸਾਨਾਂ ਨੇ ਖੇਤੀਬਾੜੀ ਮੰਤਰਾਲਾ ਦੇ ਪੋਰਟਲ ’ਤੇ ਈ-ਨਾਂ ’ਤੇ ਖੁਦ ਨੂੰ ਰਜਿਸਟਰਡ ਕਰਵਾਇਆ ਹੈ। ਈ-ਨਾਮ ਰਾਹੀਂ ਫਸਲ ਦੀ ਖਰੀਦਦਾਰੀ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਨ੍ਹਾਂ ਨੂੰ ਕੀਮਤ ਦਾ ਭੁਗਤਾਨ ਤੁਰੰਤ ਹੋ ਜਾਂਦਾ ਹੈ। ਹਜ਼ਾਰੀਬਾਗ ’ਚ ਝੋਨੇ ਦੀ ਵਿਕਰੀ ਦੇ ਕਾਰੋਬਾਰ ਨਾਲ ਜੁੜੇ ਇਕ ਵਪਾਰੀ ਨੇ ਦੱਸਿਆ ਕਿ ਇਸ ਸਾਲ ਹਜ਼ਾਰੀਬਾਗ ਤੋਂ ਲਗਭਗ 25 ਕਰੋੜ ਰੁਪਏ ਮੁੱਲ ਦਾ ਝੋਨਾ ਬਰਾਮਦਕਾਰਾਂ ਵਲੋਂ ਖਰੀਦੇ ਜਾਣ ਦੀ ਉਮੀਦ ਹੈ। ਕਿਸਾਨਾਂ ਨੂੰ ਇਸ ਤੋਂ ਉਪਜ ਦੀ ਕੀਮਤ ਵੀ ਪਹਿਲਾਂ ਦੀ ਤੁਲਨਾ ’ਚ ਵਧੇਰੇ ਮਿਲ ਰਹੀ ਹੈ।

ਇਹ ਵੀ ਪੜ੍ਹੋ :  Sebi ਨੇ ਬਦਲੇ ਨਿਯਮ : ਹੁਣ IPO, ਮਿਊਚਿਊਲ ਫੰਡ 'ਚ ਨਹੀਂ ਡੁੱਬੇਗਾ ਨਿਵੇਸ਼ਕਾਂ ਦਾ ਪੈਸਾ

ਈ-ਨਾਮ ਪੋਰਟਲ ’ਤੇ ਫਸਲਾਂ ਦੀ ਵਿਕਰੀ ਲਈ ਬੋਲੀ ਦਾ ਵੀ ਬਦਲ

ਈ-ਨਾਮ ਪੋਰਟਲ ’ਤੇ ਝੋਨੇ ਅਤੇ ਹੋਰ ਫਸਲਾਂ ਦੀ ਵਿਕਰੀ ਲਈ ਬੋਲੀ ਦਾ ਬਦਲ ਹੈ। ਬੋਲੀ ’ਚ ਦੇਸ਼ ਭਰ ਦੇ ਵਪਾਰੀ ਬੋਲੀ ਲਗਾਉਂਦੇ ਹਨ। ਕਿਸਾਨ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਖਰੀਦਦਾਰਾਂ ਨੂੰ ਆਪਣੀ ਫਸਲ ਵੇਚਦੇ ਹਨ। ਫਸਲ ਕਿਸਾਨਾਂ ਦੇ ਖੇਤਾਂ ਤੋਂ ਉਠਾ ਕੇ ਉਨ੍ਹਾਂ ਨੂੰ ਖਰੀਦਦਾਰਾਂ ਤੱਕ ਪਹੁੰਚਾਉਣ ’ਚ ਬਾਜ਼ਾਰ ਕਮੇਟੀ ਦੀ ਭੂਮਿਕਾ ਹੁੰਦੀ ਹੈ। ਦੱਸ ਦਈਏ ਕਿ ਝਾਰਖੰਡ ਦੇ ਕਿਸਾਨਾਂ ਵਲੋਂ ਉਤਪਾਦਿਤ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਵੀ ਕੁਵੈਤ, ਓਮਾਨ, ਦੁਬਈ ਅਤੇ ਸਊਦੀ ਅਰਬ ਸਮੇਤ ਕਈ ਦੇਸ਼ਾਂ ’ਚ ਭੇਜੇ ਜਾਣ ਦਾ ਸਿਲਸਿਲਾ ਕੁੱਝ ਮਹੀਨੇ ਪਹਿਲਾਂ ਸ਼ੁਰੂ ਹੋਈ ਹੈ। ਆਉਂਦੀ ਜਨਵਰੀ ’ਚ ਰਾਂਚੀ ਦੇ ਕਿਸਾਨਾਂ ਵਲੋਂ ਉਤਪਾਦਿਤ ਕੱਦੂ, ਸਹਿਜਨ, ਭਿੰਡੀ, ਕਰੇਲਾ, ਮਟਰ, ਫ੍ਰੈਂਚ ਬੀਨ, ਅਦਰਕ, ਕਟਹਲ, ਕੱਚੂ, ਕੱਚਾ ਕੇਲਾ ਅਤੇ ਗੋਭੀ ਆਦਿ ਸਬਜ਼ੀਆਂ ਦੀ ਵੱਡੀ ਖੇਪ ਵਿਦੇਸ਼ ਬਰਾਮਦ ਕੀਤੀ ਜਾਵੇਗੀ। ਝਾਰਖੰਡ ’ਚ ਪ੍ਰਤੀ ਸਾਲ ਕਰੀਬ 40 ਲੱਖ ਮੀਟ੍ਰਿਕ ਟਨ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ। ਸਬਜ਼ੀਆਂ ਵਿਦੇਸ਼ ਭੇਜੇ ਜਾਣ ਕਾਰਨ ਕਿਸਾਨਾਂ ਨੂੰ ਉਨ੍ਹਾਂ ਦਾ ਉਪਜ ਦਾ ਬਿਹਤਰ ਮੁੱਲ ਮਿਲਣ ਲੱਗਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਰੁਪਿਆ ਬਣਿਆ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News