ਜੈੱਟ ਏਅਰਵੇਜ਼ ਦੇ ਕਰਮਚਾਰੀ ਜੰਤਰ-ਮੰਤਰ 'ਤੇ ਕਰਨਗੇ ਪ੍ਰਦਰਸ਼ਨ

04/17/2019 5:39:25 PM

ਨਵੀਂ ਦਿੱਲੀ — ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪ੍ਰਾਈਵੇਟ ਹਵਾਈ ਸੇਵਾ ਕੰਪਨੀ ਜੈੱਟ ਏਅਰਵੇਜ਼ ਦੇ ਕਰਮਚਾਰੀ ਏਅਰਲਾਈਂਸ ਨੂੰ ਬਚਾਉਣ ਲਈ ਸਰਕਾਰ ਅੱਗੇ ਦਖਲ-ਅੰਦਾਜ਼ੀ ਦੀ ਮੰਗ ਨੂੰ ਲੈ ਕੇ ਵੀਰਵਾਰ ਯਾਨੀ ਕਿ ਕੱਲ੍ਹ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨਗੇ। ਪਾਇਲਟ ਅਤੇ ਹਵਾਈ ਸੇਵਾ ਸੰਭਾਲ ਇੰਜੀਨੀਅਰਾਂ ਦੇ ਸੰਗਠਨ ਨੇ ਕਿਹਾ ਕਿ ਦਿੱਲੀ ਅਤੇ ਐਨ.ਸੀ.ਆਰ. ਵਿਚ ਰਹਿ ਰਹੇ ਕੰਪਨੀ ਦੇ ਸਾਰੇ ਕਰਮਚਾਰੀਆਂ ਨੇ ਕੱਲ੍ਹ ਯਾਨੀ ਕਿ ਵੀਰਵਾਰ 2 ਵਜੇ ਜੰਤਰ-ਮੰਤਰ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਕਰਮਚਾਰੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜੈੱਟ ਏਅਰਵੇਜ਼ ਬੰਦ ਹੋਣ ਦੇ ਕੰਢੇ ਪਹੁੰਚ ਚੁੱਕੀ ਹੈ ਇਸ ਲਈ ਏਅਰਵੇਜ਼ ਨੂੰ ਬਚਾਉਣ ਲਈ ਸਰਕਾਰ ਕੋਸ਼ਿਸ਼ ਕਰੇ। ਇਸ ਦੇ ਨਾਲ ਹੀ ਕਰਮਚਾਰੀ ਜਲਦੀ ਤੋਂ ਜਲਦੀ ਆਪਣੀ ਬਕਾਇਆ ਤਨਖਾਹ ਦੀ ਵੀ ਮੰਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜੇਕਰ ਕੰਪਨੀ ਬੰਦ ਹੁੰਦੀ ਹੈ ਤਾਂ ਘੱਟੋ-ਘੱਟ 20 ਹਜ਼ਾਰ ਲੋਕ ਬੇਰੋਜ਼ਗਾਰ ਹੋ ਜਾਣਗੇ। ਜੈੱਟ ਦੇ ਕਰਮਚਾਰੀ ਇਸ ਤੋਂ ਪਹਿਲਾਂ ਮੁੰਬਈ ਦੇ ਮੁੱਖ ਦਫਤਰ ਵਿਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਪਿਛਲੇ ਕੈਲੰਡਰ ਸਾਲ 'ਚ 4,244 ਕਰੋੜ ਰੁਪਏ ਦਾ ਨੁਕਸਾਨ ਸਹਿਣ ਕਰ ਚੁੱਕੀ ਕੰਪਨੀ ਨੇ ਜਨਵਰੀ ਤੋਂ ਪਾਇਲਟਾਂ, ਰੱਖ-ਰਖਾਅ ਇੰਜੀਨੀਅਰਾਂ ਅਤੇ ਮੈਨੇਜਮੈਂਟ ਦੇ ਸੀਨੀਅਰ ਅਧਿਕਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਹੈ। ਦੂਜੇ ਕਰਮਚਾਰੀਆਂ ਨੂੰ ਵੀ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਅਤੇ ਹੁਣ ਇਨ੍ਹਾਂ ਕਰਮਚਾਰੀਆਂ ਨੂੰ ਵੀ ਮਾਰਚ ਤੋਂ ਤਨਖਾਹ ਨਹੀਂ ਮਿਲ ਰਹੀ । ਕੰਪਨੀ ਜਹਾਜ਼ਾਂ ਦਾ ਕਿਰਾਇਆ ਚੁਕਾਉਣ ਦੇ ਅਸਮਰੱਥ ਹੈ। ਹੁਣ ਕੰਪਨੀ ਨੂੰ ਕਰਜ਼ਾ ਦੇਣ ਵਾਲੇ 8 ਬੈਂਕਾਂ ਦੇ ਕਨਸੋਰਟੀਅਮ ਨੇ ਏਅਰਲਾਈਨ ਦੀ 75 ਫੀਸਦੀ ਤੱਕ ਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿਸੇ ਸਮੇਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਰਹੀ ਜੈੱਟ ਏਅਰਵੇਜ਼ ਦੇ ਇਸ ਸਮੇਂ ਸਿਰਫ 5 ਜਹਾਜ਼ ਉਡਾਣ ਭਰ ਰਹੇ ਹਨ। ਕੰਪਨੀ ਦੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਸਮੇਂ ਕੰਪਨੀ ਸਿਰਫ 35 ਘਰੇਲੂ ਉਡਾਣਾਂ ਭਰਨ ਦੇ ਸਮਰੱਥ ਹੈ।


Related News