ਜੈੱਟ ਏਅਰਵੇਜ਼ ਨੂੰ ਫਿਰ ਲੱਗਣਗੇ ਖੰਭ!
Wednesday, Dec 18, 2019 - 08:49 PM (IST)

ਨਵੀਂ ਦਿੱਲੀ(ਇੰਟ.)-ਜ਼ਮੀਨ ’ਤੇ ਖੜ੍ਹੀ ਜੈੱਟ ਏਅਰਵੇਜ਼ ਨੂੰ ਇਕ ਵਾਰ ਫਿਰ ਖੰਭ ਲੱਗ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਰੈਗੂਲੇਟਰੀ ਡੀ. ਜੀ. ਸੀ. ਏ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਇਸ ਬਾਰੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਇਸ ਕੰਪਨੀ ਨੂੰ ਸ਼ੁਰੂ ਕਰਨ ਲਈ ਕਾਫੀ ਗੰਭੀਰ ਹਨ। ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਜੇਕਰ ਕੋਈ ਕੰਪਨੀ ਜੈੱਟ ਏਅਰਵੇਜ਼ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਉਸ ਬਾਰੇ ਠੋਸ ਪਲਾਨ ਹੈ ਤਾਂ ਉਹ ਚੰਗੀ ਤਰ੍ਹਾਂ ਗੌਰ ਕਰੇਗੀ।
ਨਿਵੇਸ਼ਕ ਲੈ ਕੇ ਆਉਣ ਵਧੀਅਾ ਪ੍ਰਸਤਾਵ
ਮੰਤਰਾਲਾ ਵੱਲੋਂ ਪੇਸ਼ ਹੋਏ ਵਕੀਲਾਂ ਨੇ ਐੱਨ. ਸੀ. ਐੱਲ. ਟੀ. ਨੂੰ ਕਿਹਾ ਕਿ ਜੇਕਰ ਜੈੱਟ ਏਅਰਵੇਜ਼ ਦੇ ਸੰਭਾਵਿਕ ਨਿਵੇਸ਼ਕ ਕਿਸੇ ਪਲਾਨ ਨਾਲ ਉਡਾਣ ਭਰਨ ਲਈ ਤਿਆਰ ਹਨ ਤਾਂ ਫਿਰ ਇਸ ਨੂੰ ਉਨ੍ਹਾਂ ਵੱਲੋਂ ਹਰੀ ਝੰਡੀ ਮਿਲੇਗੀ। ਉਥੇ ਹੀ ਵਕੀਲਾਂ ਨੇ ਇਹ ਵੀ ਕਿਹਾ ਕਿ ਏਅਰਲਾਈਨ ਨੂੰ ਮਿਲੇ ਹੋਏ ਸਲਾਟ ਅਜੇ ਵੀ ਬਚੇ ਹੋਏ ਹਨ। ਇਸ ਦੀ ਵਰਤੋਂ ਕੋਈ ਹੋਰ ਏਅਰਲਾਈਨ ਨਹੀਂ ਕਰ ਸਕਦੀ ਹੈ। ਹਵਾਈ ਅੱਡਿਆਂ ’ਤੇ ਮੌਜੂਦ ਸਲਾਟ ਨੂੰ ਲੈਣ ਲਈ ਆਖਰੀ ਤਰੀਕ 15 ਜਨਵਰੀ ਹੈ।
ਏਅਰਲਾਈਨ ਕੋਲ ਉਪਲੱਬਧ ਸਲਾਟ ਤੋਂ ਹੀ ਉਸ ਦੀ ਹੋਂਦ ਬਾਰੇ ਪਤਾ ਚੱਲਦਾ ਹੈ। ਜੋ ਹਵਾਬਾਜ਼ੀ ਕੰਪਨੀ ਪਹਿਲਾਂ ਤੋਂ ਜ਼ਮੀਨ ’ਤੇ ਹੈ, ਉਸ ਲਈ ਸਲਾਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਕਿੰਨੇ ਰੂਟਾਂ ’ਤੇ ਆਪਣੇ ਜਹਾਜ਼ਾਂ ਦਾ ਸੰਚਾਲਨ ਕਰ ਸਕਦੀ ਹੈ।
8 ਮਹੀਨਿਆਂ ਤੋਂ ਬੰਦ ਪਈ ਹੈ ਕੰਪਨੀ
ਜੈੱਟ ਏਅਰਵੇਜ਼ ਨੂੰ ਬੰਦ ਹੋਏ ਕਰੀਬ 8 ਮਹੀਨੇ ਹੋ ਗਏ ਹਨ। ਕੰਪਨੀ ਦੇ ਬੰਦ ਹੋਣ ਨਾਲ 20,000 ਲੋਕਾਂ ਦੀ ਨੌਕਰੀ ’ਤੇ ਸੰਕਟ ਆ ਗਿਆ ਸੀ। ਕੰਪਨੀ ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਸਨ। ਇੰਨਾ ਹੀ ਨਹੀਂ, ਭਾਰੀ ਨਕਦੀ ਸੰਕਟ ਨਾਲ ਡੁੱਬਣ ਦੀ ਕਗਾਰ ’ਤੇ ਪਹੁੰਚੀ ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਆਪਣੇ 20,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਮੈਡੀਕਲੇਮ ਸਹੂਲਤ ਵੀ ਬੰਦ ਕਰ ਦਿੱਤੀ ਸੀ। ਏਅਰਲਾਈਨ ਨੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਉਹ ਸਮੂਹ ਮੈਡੀਕਲੇਮ ਪਾਲਿਸੀ ਦਾ ਪ੍ਰੀਮੀਅਮ ਭਰਨ ਦੀ ਸਥਿਤੀ ’ਚ ਨਹੀਂ ਹੈ।