ਵੀਡੀਓਕਾਨ ਦੇ ਸੀ. ਈ. ਓ. ਅਰਵਿੰਦ ਬਾਲੀ ਦੀ ਜਗ ਬਾਣੀ ਨਾਲ ਵਿਸ਼ੇਸ਼ ਇੰਟਰਵਿਊ

Friday, Nov 24, 2017 - 09:22 AM (IST)

ਟੈਲੀਕਾਮ ਬਿਜ਼ਨੈੱਸ ਤੋਂ ਬਾਹਰ ਨਿਕਲਣ ਮਗਰੋਂ ਵੀਡੀਓਕਾਨ ਵੱਲੋਂ ਸ਼ੁਰੂ ਕੀਤੇ ਗਏ ਸੀ. ਸੀ. ਟੀ. ਵੀ. ਕੈਮਰੇ (ਵੀਡੀਓਕਾਨ ਵਾਲ ਕੈਮ) ਦੇ ਨਵੇਂ ਬਿਜ਼ਨੈੱਸ ਲਈ ਕੰਪਨੀ ਨੇ ਅਗਲੇ 3 ਸਾਲਾਂ 'ਚ 1150 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਤੈਅ ਕੀਤਾ ਹੈ। ਕੰਪਨੀ ਦੇ ਸੀ. ਈ. ਓ. ਅਰਵਿੰਦ ਬਾਲੀ ਨੇ 'ਜਗ ਬਾਣੀ' ਦੇ ਪੱਤਰਕਾਰ ਨਰੇਸ਼ ਕੁਮਾਰ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਵੀਡੀਓਕਾਨ ਵੱਲੋਂ ਟੈਲੀਕਾਮ ਬਿਜ਼ਨੈੱਸ ਤੋਂ ਹੱਥ ਖਿੱਚਣ ਅਤੇ ਕੰਪਨੀ ਦੇ ਭਵਿੱਖ ਦੀਆਂ ਯੋਜਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਪੇਸ਼ ਹਨ ਅਰਵਿੰਦ ਬਾਲੀ ਦੀ ਪੂਰੀ ਇੰਟਰਵਿਊ :-  
ਪ੍ਰ. : ਰੇਟਿੰਗ ਏਜੰਸੀ ਮੂਡੀਜ਼ ਨੇ ਟੈਲੀਕਾਮ ਸੈਕਟਰ ਦਾ ਆਊਟਲੁਕ ਨੈਗੇਟਿਵ ਕਰ ਦਿੱਤਾ ਹੈ, ਤੁਹਾਡੀ ਕੀ ਪ੍ਰਤੀਕਿਰਿਆ ਹੈ? 
ਉ. : ਇਸ ਸਮੇਂ ਟੈਲੀਕਾਮ ਇੰਡਸਟਰੀ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ। ਕੰਪਨੀਆਂ ਵਿਚਾਲੇ ਰਲੇਵੇਂ ਅਤੇ ਮਰਜਰ ਦੀ ਪ੍ਰਕਿਰਿਆ ਜਾਰੀ ਹੈ ਪਰ ਇਹ ਦੌਰ ਸਥਾਈ ਨਹੀਂ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੇ 2-3 ਸਾਲ ਦੇਸ਼ 'ਚ ਸਿਰਫ 3 ਵੱਡੀਆਂ ਕੰਪਨੀਆਂ ਹੀ ਬਚਣਗੀਆਂ, ਉਸ ਤੋਂ ਬਾਅਦ ਟੈਲੀਕਾਮ ਸੈਕਟਰ 'ਚ ਸਥਿਰਤਾ ਆਉਣ ਦੀ ਸੰਭਾਵਨਾ ਹੈ।  
ਪ੍ਰ. : ਟੈਲੀਕਾਮ ਸੈਕਟਰ 'ਤੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਉਸ ਦਾ ਕੀ ਹੋਵੇਗਾ?  
ਉ. : ਇਹ ਠੀਕ ਹੈ ਕਿ ਟੈਲੀਕਾਮ ਇੰਡਸਟਰੀ ਇਸ ਸਮੇਂ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੀ ਹੈ ਪਰ ਵੱਡੀਆਂ ਕੰਪਨੀਆਂ 'ਤੇ ਇੰਨਾ ਕਰਜ਼ਾ ਨਹੀਂ ਹੈ। ਉਨ੍ਹਾਂ ਦੀ ਜਾਇਦਾਦਾਂ ਕਰਜ਼ੇ ਦੇ ਮੁਕਾਬਲੇ ਜ਼ਿਆਦਾ ਹਨ, ਲਿਹਾਜ਼ਾ ਇਨ੍ਹਾਂ ਦੇ ਕਰਜ਼ੇ ਦੀ ਜ਼ਿਆਦਾ ਚਿੰਤਾ ਨਹੀਂ ਹੋਣੀ ਚਾਹੀਦੀ ਹੈ।  
ਪ੍ਰ. : ਕੀ ਕਰਜ਼ੇ 'ਚ ਡੁੱਬੀਆਂ ਟੈਲੀਕਾਮ ਕੰਪਨੀਆਂ ਕਾਰਨ ਬੈਂਕਾਂ 'ਤੇ ਬੋਝ ਵਧੇਗਾ?
ਉ. : ਮੈਨੂੰ ਲੱਗਦਾ ਹੈ ਕਿ ਟੈਲੀਕਾਮ ਸੈਕਟਰ ਦੀਆਂ ਜਿਨ੍ਹਾਂ ਕੰਪਨੀਆਂ 'ਤੇ ਬੈਂਕਾਂ ਦਾ ਕਰਜ਼ਾ ਹੈ, ਉਹ ਆਪਣੇ ਹੋਰ ਬਿਜ਼ਨੈੱਸ ਤੋਂ ਪੈਸਾ ਕੱਢ ਕੇ ਬੈਂਕਾਂ ਨੂੰ ਕਰਜ਼ੇ ਦੀ ਅਦਾਇਗੀ ਕਰ ਦੇਣਗੀਆਂ। ਮੈਨੂੰ ਨਹੀਂ ਲੱਗਦਾ ਕਿ ਬੈਂਕਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਚਿੰਤਾ ਹੋਣੀ ਚਾਹੀਦੀ ਹੈ। ਹਾਲਾਂਕਿ ਇਸ 'ਚ ਥੋੜ੍ਹਾ ਸਮਾਂ ਜ਼ਰੂਰ ਲੱਗ ਸਕਦਾ ਹੈ।  
ਪ੍ਰ. : ਟੈਲੀਕਾਮ ਸੈਕਟਰ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਕੀ ਤੁਹਾਨੂੰ ਟੈਲੀਕਾਮ ਬਿਜ਼ਨੈੱਸ ਤੋਂ ਹੱਥ ਖਿੱਚਣ ਦਾ ਆਪਣਾ ਫੈਸਲਾ ਠੀਕ ਲੱਗਦਾ ਹੈ? 
ਉ. : ਅਸੀਂ ਬਿਲਕੁੱਲ ਸਹੀ ਸਮੇਂ 'ਤੇ ਸਹੀ ਫੈਸਲਾ ਲਿਆ ਹੈ ਅਤੇ ਇਸ ਫੈਸਲੇ 'ਚ ਬਹੁਤ ਸਾਰੇ ਲੋਕ ਸ਼ਾਮਲ ਸਨ। ਸਾਨੂੰ ਇਸ ਗੱਲ ਦਾ ਪਹਿਲਾਂ ਹੀ ਗਿਆਨ ਹੋ ਗਿਆ ਸੀ ਕਿ ਟੈਲੀਕਾਮ ਸੈਕਟਰ ਦੇ ਵੱਡੇ ਖਿਡਾਰੀ ਇਸ ਸੈਕਟਰ 'ਚ ਲੱਖਾਂ-ਕਰੋੜਾਂ ਰੁਪਏ ਦਾ ਨਿਵੇਸ਼ ਕਰ ਰਹੇ ਹਨ। ਅਜਿਹੇ 'ਚ ਛੋਟੇ ਖਿਡਾਰੀਆਂ ਦੇ ਸਾਹਮਣੇ ਆਪਣੀ ਹੋਂਦ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ ਕਿਉਂਕਿ ਨਿਵੇਸ਼ ਦੇ ਮਾਮਲੇ 'ਚ ਛੋਟੇ ਖਿਡਾਰੀ ਵੱਡੇ ਖਿਡਾਰੀਆਂ ਦਾ ਮੁਕਾਬਲਾ ਕਰਨ ਦੀ ਸਥਿਤੀ 'ਚ ਨਹੀਂ ਹਨ। ਲਿਹਾਜ਼ਾ ਅਸੀਂ ਆਪਣਾ ਸਪੈਕਟ੍ਰਮ ਵੇਚਿਆ ਅਤੇ 6 ਨਵੇਂ ਬਿਜ਼ਨੈੱਸ ਸ਼ੁਰੂ ਕੀਤੇ ਤਾਂ ਕਿ ਸਾਡੇ ਨਾਲ ਕੰਮ ਕਰ ਰਹੇ ਲੋਕਾਂ ਦਾ ਰੋਜ਼ਗਾਰ ਬਣਿਆ ਰਹੇ।  
ਪ੍ਰ. : ਨਵੇਂ ਬਿਜ਼ਨੈੱਸ ਤੋਂ ਵੀਡੀਓਕਾਨ ਨੇ ਮਾਲੀਏ ਦਾ ਕੀ ਟੀਚਾ ਰੱਖਿਆ ਹੈ?
ਉ. : ਇਸ ਬਿਜ਼ਨੈੱਸ 'ਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਕਿਉਂਕਿ ਕੋਈ ਵੀ ਵੱਡੀ ਕੰਪਨੀ ਸੰਗਠਿਤ ਤਰੀਕੇ ਨਾਲ ਇਸ ਖੇਤਰ 'ਚ ਕੰਮ ਨਹੀਂ ਕਰ ਰਹੀ ਹੈ। ਅਸੀਂ ਆਪਣੀ ਕੰਪਨੀ ਲਈ ਅਗਲੇ 3 ਸਾਲਾਂ 'ਚ ਇਸ ਬਿਜ਼ਨੈੱਸ ਤੋਂ 1150 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਰੱਖਿਆ ਹੈ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸੀ. ਸੀ. ਟੀ. ਵੀ. ਕੈਮਰੇ ਦਾ ਨਿਰਮਾਣ ਵਧੇਗਾ ਅਤੇ ਇਸ ਦੇ ਲਈ ਸਾਫਟਵੇਅਰ ਦੀ ਜ਼ਰੂਰਤ ਵੀ ਵਧਣ ਵਾਲੀ ਹੈ। ਅਸੀਂ ਇਹ ਕੰਪਨੀ ਇਸ ਸੈਕਟਰ 'ਚ 25-30 ਸਾਲ ਤੋਂ ਬਾਅਦ ਪੈਦਾ ਹੋਣ ਵਾਲੇ ਸੁਰੱਖਿਆ ਉਪਕਰਨਾਂ ਦੀ ਮੰਗ ਨੂੰ ਵੇਖਦਿਆਂ ਸ਼ੁਰੂ ਕੀਤੀ ਹੈ ਅਤੇ ਇਸ ਸੈਕਟਰ ਦਾ ਭਵਿੱਖ ਰੌਸ਼ਨ ਨਜ਼ਰ ਆ ਰਿਹਾ ਹੈ।   
ਪ੍ਰ. : ਨਵੇਂ ਬਿਜ਼ਨੈੱਸ ਲਈ ਸਾਫਟਵੇਅਰ ਡਿਵੈੱਲਪਮੈਂਟ ਦੀ ਕੀ ਯੋਜਨਾ ਹੈ?
ਉ. : ਸਾਡੇ ਕੋਲ ਮੋਹਾਲੀ 'ਚ ਪਹਿਲਾਂ ਤੋਂ 650 ਇੰਜੀਨੀਅਰਾਂ ਦੀ ਟੀਮ ਕੰਮ ਕਰ ਰਹੀ ਸੀ, ਉਸੇ ਟੀਮ ਨੂੰ ਅਸੀਂ ਸਾਫਟਵੇਅਰ ਡਿਵੈੱਲਪਮੈਂਟ ਦੇ ਕੰਮ 'ਚ ਲਾਇਆ ਹੈ। ਇਹ ਟੀਮ ਸੀ. ਸੀ. ਟੀ. ਵੀ. ਕੈਮਰੇ ਲਈ ਵਿਕਸਿਤ ਤਕਨੀਕ ਵਾਲੇ ਸਾਫਟਵੇਅਰ ਦਾ ਨਿਰਮਾਣ ਕਰ ਰਹੀ ਹੈ ਅਤੇ ਇਨ੍ਹਾਂ ਸਾਫਟਵੇਅਰ ਦੇ ਸਹਾਰੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਸੁਰੱਖਿਆ ਨਾਲ ਜੁੜੇ ਸਾਰੇ ਸਾਫਟਵੇਅਰ ਤਿਆਰ ਕੀਤੇ ਜਾ ਰਹੇ ਹਨ।  
ਪ੍ਰ. : ਸੀ. ਸੀ. ਟੀ. ਵੀ. ਕੈਮਰਿਆਂ ਅਤੇ ਇਸ ਦੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਜਨਤਾ 'ਚ ਬਹੁਤ ਗਲਤ ਧਾਰਨਾਵਾਂ ਹਨ, ਉਨ੍ਹਾਂ ਦਾ ਇਲਾਜ ਕਿਵੇਂ ਕਰੋਗੇ?
ਉ. : ਇਹ ਗੱਲ ਠੀਕ ਹੈ ਕਿ ਲੋਕਾਂ ਨੂੰ ਸੁਰੱਖਿਆ ਦੇ ਇਸ ਨਵੇਂ ਮਾਧਿਅਮ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਕੈਮਰਾ ਲਵਾਉਣਾ ਮਹਿੰਗਾ ਲੱਗਦਾ ਹੈ ਪਰ ਜਦੋਂ ਕਿਸੇ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਸਿਰਫ਼ 10,000 ਰੁਪਏ ਖਰਚ ਕਰ ਕੇ ਘਰ 'ਚ 3 ਜਾਂ 4 ਕੈਮਰੇ ਲਵਾ ਸਕਦੇ ਹੋ ਤਾਂ ਲੋਕ ਸੁਰੱਖਿਆ ਲਈ ਇੰਨਾ ਪੈਸਾ ਆਸਾਨੀ ਨਾਲ ਖਰਚ ਕਰ ਸਕਦੇ ਹਨ। ਦੂਜੀ ਸਮੱਸਿਆ ਲੋਕਾਂ ਨੂੰ ਕੈਮਰੇ 'ਚ ਰਿਕਾਰਡ ਕੀਤੇ ਗਏ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹੁੰਦੀ ਹੈ ਪਰ ਅੱਜਕਲ ਅਜਿਹੀ ਤਕਨੀਕ ਆ ਗਈ ਹੈ ਕਿ ਜੇਕਰ ਤੁਹਾਡਾ ਡੀ. ਵੀ. ਆਰ. ਚੋਰੀ ਵੀ ਹੋ ਜਾਂਦਾ ਹੈ ਤਾਂ ਕੈਮਰੇ ਦਾ ਡਾਟਾ ਕਲਾਊਡ ਨਾਮੀ ਸਾਫਟਵੇਅਰ 'ਤੇ ਸੇਵ ਹੋ ਜਾਂਦਾ ਹੈ। ਅਸੀਂ ਜਨਤਾ ਦੀਆਂ ਗਲਤ ਧਾਰਨਾਵਾਂ ਦੂਰ ਕਰਨ ਲਈ ਕੰਮ ਕਰ ਰਹੇ ਹਾਂ। 
ਪ੍ਰ. : ਭਵਿੱਖ 'ਚ ਇਸ ਸੈਕਟਰ ਲਈ ਸਰਕਾਰੀ ਪੱਧਰ 'ਤੇ ਜ਼ਿਆਦਾ ਸੰਭਾਵਨਾਵਾਂ ਹਨ ਜਾਂ ਨਿੱਜੀ ਸੁਰੱਖਿਆ ਮੁਹੱਈਆ ਕਰਵਾਉਣ 'ਚ?
ਉ. : ਦੇਸ਼ ਭਰ 'ਚ ਹੋਟਲ, ਹਸਪਤਾਲ, ਸਿੱਖਿਆ ਸੰਸਥਾਨ, ਸ਼ੋਅਰੂਮ ਅਤੇ ਘਰਾਂ ਦੀ ਸੁਰੱਖਿਆ ਲਈ ਭਵਿੱਖ 'ਚ ਵਿਕਸਿਤ ਤਕਨੀਕ ਦੇ ਕੈਮਰਿਆਂ ਦੀ ਜ਼ਰੂਰਤ ਪਵੇਗੀ। ਹਾਲਾਂਕਿ ਸਰਕਾਰੀ ਪੱਧਰ 'ਤੇ ਵੀ ਇਸ ਦੀ ਵਿਆਪਕ ਤਰੀਕੇ ਨਾਲ ਵਰਤੋਂ ਸ਼ੁਰੂ ਹੋਵੇਗੀ। ਵਿਦੇਸ਼ਾਂ 'ਚ ਅਸੀਂ ਵੇਖਦੇ ਹਾਂ ਕਿ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕੈਮਰਿਆਂ ਦੀ ਹੀ ਵਰਤੋਂ ਹੁੰਦੀ ਹੈ ਅਤੇ ਨਿਯਮ ਤੋੜਨ 'ਤੇ ਚਲਾਨ ਘਰ ਪਹੁੰਚ ਜਾਂਦਾ ਹੈ। ਭਾਰਤ 'ਚ ਵੀ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਵੱਡੀ ਗਿਣਤੀ 'ਚ ਅਜਿਹੇ ਕੈਮਰਿਆਂ ਅਤੇ ਇਨ੍ਹਾਂ ਦਾ ਸਾਫਟਵੇਅਰ ਬਣਾਉਣ ਲਈ ਕੰਪਨੀਆਂ ਦੀ ਜ਼ਰੂਰਤ ਹੋਵੇਗੀ।


Related News