ਹੁਣ ਹਾਈ ਵੈਲਿਊ ਟ੍ਰਾਂਜੈਕਸ਼ਨ 'ਤੇ ਇਨਕਮ ਟੈਕਸ ਵਿਭਾਗ ਭੇਜੇਗਾ SMS
Sunday, Jul 14, 2019 - 12:24 PM (IST)

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਜਲਦ ਹੀ ਇਕ ਨਵੀਂ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਕਿਸੇ ਵਿੱਤੀ ਲੈਣ-ਦੇਣ ਲਈ ਪੈਨ ਨੰਬਰ ਭਰਦੇ ਹੀ ਤੁਹਾਡੇ ਮੋਬਾਇਲ 'ਤੇ ਐੱਸ. ਐੱਮ. ਐੱਸ. ਪਹੁੰੰਚ ਜਾਵੇਗਾ ਕਿ ਤੁਸੀਂ ਕਿਸ ਤਰ੍ਹਾਂ ਦਾ ਲੈਣ-ਦੇਣ ਕੀਤਾ ਹੈ ਤੇ ਕਿੰਨਾ ਖਰਚ। ਮੌਜੂਦਾ ਸਮੇਂ ਬੈਂਕ 'ਚ 50 ਹਜ਼ਾਰ ਰੁਪਏ ਤੋਂ ਵਧ ਰਕਮ ਜਮ੍ਹਾ ਕਰਨ ਤੋਂ ਲੈ ਕੇ ਗੱਡੀ ਦੀ ਖਰੀਦ-ਫਰੋਖਤ ਤਕ ਅਜਿਹੀਆਂ 18 ਫਾਈਨੈਂਸ਼ਲ ਟ੍ਰਾਂਜੈਕਸ਼ਨ ਲਈ ਪੈਨ ਜ਼ਰੂਰੀ ਹੈ, ਯਾਨੀ ਇਨ੍ਹਾਂ 'ਚੋਂ ਕਿਸੇ ਵੀ ਫਾਈਨੈਂਸ਼ਲ ਟ੍ਰਾਂਜੈਕਸ਼ਨ ਲਈ ਪੈਨ ਲਾਉਂਦੇ ਹੀ ਤੁਹਾਨੂੰ ਇਨਕਮ ਟੈਕਸ ਵਿਭਾਗ ਵੱਲੋਂ ਐੱਸ. ਐੱਮ. ਐੱਸ. ਮਿਲੇਗਾ। ਇਸ ਐੱਸ. ਐੱਮ. ਐੱਸ. ਜ਼ਰੀਏ ਸਾਲਾਨਾ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) 'ਚ ਟ੍ਰਾਂਜੈਕਸ਼ਨ ਦਾ ਜ਼ਿਕਰ ਕਰਨ ਦੀ ਅਪੀਲ ਕੀਤੀ ਜਾਵੇਗੀ।
ਇਸ ਨਵੀਂ ਤਕਨੀਕ 'ਤੇ ਕੰਮ ਜਾਰੀ ਹੈ ਅਤੇ ਜਲਦ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫਾਈਨੈਂਸ਼ਲ ਬਿੱਲ 2019 'ਚ ਪੈਨ ਅਤੇ ਆਧਾਰ ਦੀ ਪਰਿਭਾਸ਼ਾ ਨਿਰਧਾਰਤ ਕੀਤੀ ਗਈ ਹੈ, ਜਿਸ ਮੁਤਾਬਕ ਜੇਕਰ ਕਿਸੇ ਕੋਲ ਪੈਨ ਨਹੀਂ ਹੈ ਤਾਂ ਉਹ ਆਧਾਰ ਕਾਰਡ ਦਾ ਇਸਤੇਮਾਲ ਕਰ ਸਕਦਾ ਹੈ ਤੇ ਇਨਕਮ ਟੈਕਸ ਵਿਭਾਗ ਖੁਦ ਹੀ ਉਸ ਨੂੰ ਪੈਨ ਨੰਬਰ ਜਾਰੀ ਕਰ ਦੇਵੇਗਾ।ਇੱਥੇ ਵੀ ਐੱਸ. ਐੱਮ. ਐੱਸ. ਅਲਰਟ ਪ੍ਰਾਪਤ ਹੋਵੇਗਾ।
ਇਨਕਮ ਟੈਕਸ ਨਿਯਮ 114-ਬੀ 'ਚ 18 ਪ੍ਰਕਾਰ ਦੇ ਵਿੱਤੀ ਲੈਣ-ਦੇਣ ਸ਼ਾਮਲ ਹਨ, ਜਿੱਥੇ ਪੈਨ ਨੰਬਰ ਦੇਣਾ ਜ਼ਰੂਰੀ ਹੈ। ਇਨ੍ਹਾਂ 'ਚ ਗੱਡੀ ਦੀ ਖਰੀਦ-ਵਿਕਰੀ, ਬੈਂਕ ਖਾਤਾ ਖੋਲ੍ਹਣ, ਕ੍ਰੈਡਿਟ ਤੇ ਡੈਬਿਟ ਕਾਰਡ ਬਣਾਉਣ ਤੇ ਡੀਮੈਟ ਖਾਤਾ ਖੋਲ੍ਹਣ ਨਾਲ ਸੰਬੰਧਤ ਸਾਰੇ ਲੈਣ-ਦੇਣ ਸ਼ਾਮਲ ਹਨ। ਬੈਂਕ, ਡਾਕਘਰ ਜਾਂ ਸਹਿਕਾਰੀ ਬੈਂਕ 'ਚ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਇਕ ਦਿਨ 'ਚ ਜਮ੍ਹਾ ਕਰਵਾਉਣ ਲਈ ਪੈਨ ਲਾਜ਼ਮੀ ਹੈ। ਇਸ ਦੇ ਇਲਾਵਾ ਹੋਟਲ ਜਾਂ ਰੈਸਟੋਰੈਂਟ 'ਚ 50 ਹਜ਼ਾਰ ਰੁਪਏ ਤੋਂ ਉੱਪਰ ਦਾ ਬਿੱਲ ਭਰਨ ਲਈ ਵੀ ਪੈਨ ਜ਼ਰੂਰੀ ਹੈ।