ਅਮਰੀਕਾ ''ਚ ਇਨ੍ਹਾਂ ਭਾਰਤੀ ਫਰਮਾਂ ''ਚ ਮਿਲਦਾ ਹੈ 37 ਲੱਖ ਦਾ ਪੈਕੇਜ!
Wednesday, Apr 18, 2018 - 03:57 PM (IST)

ਬੇਂਗਲੁਰੂ— ਭਾਰਤੀ ਆਈ. ਟੀ. ਕੰਪਨੀਆਂ ਅਮਰੀਕਾ ਸਥਿਤ ਆਪਣੇ ਕੰਮਾਂ ਲਈ ਕੰਪਿਊਟਰ ਸਾਈਂਸ 'ਚ ਪੜ੍ਹੇ ਨਵੇਂ ਗ੍ਰੈਜੂਏਟਸ ਨੂੰ ਸਾਲਾਨਾ 55,000-65,000 ਡਾਲਰ (ਤਕਰੀਬਨ 36-37 ਲੱਖ) ਦੀ ਤਨਖਾਹ 'ਤੇ ਨਿਯੁਕਤ ਕਰ ਰਹੀਆਂ ਹਨ। ਇਹ ਸਥਾਨਕ ਪੱਧਰ 'ਤੇ ਨਵੇਂ ਭਰਤੀ ਹੋਣ ਵਾਲੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੋਂ ਦੁਗਣੀ ਹੈ। ਇਸ ਦੇ ਬਾਅਦ ਵੀ ਆਈ. ਟੀ. ਕੰਪਨੀਆਂ ਨੂੰ 30 ਫੀਸਦੀ ਦੀ ਬਚਤ ਹੋ ਰਹੀ ਹੈ ਕਿਉਂਕਿ ਇਹ ਤਨਖਾਹ ਐੱਚ.-1ਬੀ ਵੀਜ਼ਾ 'ਤੇ ਕਿਸੇ ਇੰਜੀਨੀਅਰ ਨੂੰ ਅਮਰੀਕਾ ਭੇਜਣ 'ਤੇ ਆਉਣ ਵਾਲੇ ਖਰਚ ਤੋਂ 20-30 ਫੀਸਦੀ ਘੱਟ ਹੈ। ਅਮਰੀਕੀ ਕਿਰਤ ਵਿਭਾਗ ਮੁਤਾਬਕ 'ਇੰਡੀਆਨਾ ਪੋਲਿਸ' 'ਚ ਇਕ ਕੰਪਿਊਟਰ ਸਾਈਂਸ ਗ੍ਰੈਜੂਏਟ ਦੀ ਔਸਤ ਤਨਖਾਹ 51,800 ਡਾਲਰ ਹੈ। ਇੱਥੇ ਇੰਫੋਸਿਸ 2,000 ਸਥਾਨਕ ਗ੍ਰੈਜੂਏਟਸ ਨੂੰ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ।
ਇੰਫੋਸਿਸ ਅਮਰੀਕਾ 'ਚ ਸਥਾਨਕ ਯੂਨੀਵਰਸਿਟੀ ਗ੍ਰੈਜੂਏਟਸ ਨੂੰ ਔਸਤ 55,000 ਡਾਲਰ (ਤਕਰੀਬਨ 36 ਲੱਖ) ਦਾ ਸਾਲਾਨਾ ਪੈਕੇਜ ਦੇਵੇਗਾ। ਇੰਫੋਸਿਸ ਦੇ ਗਰੁੱਪ ਹਿਊਮਨ ਰਿਸੋਰਸ ਡਿਵੈਲਪਮੈਂਟ ਹੈੱਡ, ਕ੍ਰਿਸ਼ਣਮੂਰਤੀ ਸ਼ੰਕਰ ਮੁਤਾਬਕ, ਇਹ ਤਨਖਾਹ ਹਰ ਸ਼ਹਿਰ 'ਚ ਵੱਖ-ਵੱਖ ਹੈ। ਯੂਨੀਵਰਸਿਟੀ ਆਫ ਨਾਰਥ ਟੈਕਸਸ, ਪਰਡੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਰੋਡ ਆਈਲੈਂਡ ਤੋਂ ਭਰਤੀ ਕੀਤੇ ਨਵੇਂ ਗ੍ਰੈਜੂਏਟਸ ਨੂੰ ਭਾਰਤੀ ਕੰਪਨੀਆਂ ਨੇ 55,000 ਤੋਂ 65,000 ਡਾਲਰ ਵਿਚਕਾਰ ਦਾ ਤਨਖਾਹ ਪੈਕੇਜ ਆਫਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਲਗਭਗ ਦੋ ਦਹਾਕੇ ਪਹਿਲਾਂ ਭਾਰਤੀ ਆਈ. ਟੀ. ਕੰਪਨੀਆਂ ਐੱਚ-1ਬੀ ਵੀਜ਼ਾ ਦਾ ਇਸਤੇਮਾਲ ਕਰਕੇ ਚੰਗੇ ਤਜਰਬੇ ਵਾਲੇ ਇੰਜੀਨੀਅਰਾਂ ਨੂੰ ਅਮਰੀਕਾ 'ਚ ਪ੍ਰਾਜੈਕਟ ਲਈ ਭੇਜ ਰਹੀਆਂ ਸਨ। ਇਨ੍ਹਾਂ ਇੰਜੀਨੀਅਰਾਂ ਨੂੰ ਭਾਰਤੀ ਮਾਰਕੀਟ ਦੇ ਹਿਸਾਬ ਨਾਲ ਤਨਖਾਹ ਆਫਰ ਕੀਤੀ ਜਾਂਦੀ ਸੀ। ਅਮਰੀਕਾ 'ਚ ਟਰੰਪ ਸਰਕਾਰ ਆਉਣ ਦੇ ਬਾਅਦ ਐੱਚ-1ਬੀ ਵੀਜ਼ਾ ਨੂੰ ਲੈ ਕੇ ਨਿਯਮਾਂ 'ਚ ਬਦਲਾਅ ਦੇ ਬਾਅਦ ਹੁਣ ਕੰਪਨੀਆਂ ਨੇ ਭਾਰਤ ਤੋਂ ਇੰਜੀਨੀਅਰ ਭੇਜਣ ਦੀ ਜਗ੍ਹਾ ਅਮਰੀਕਾ 'ਚ ਹੀ ਸਥਾਨਕ ਪੱਧਰ 'ਤੇ ਭਰਤੀ ਵਧਾਉਣ ਦਾ ਫੈਸਲਾ ਕੀਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਥਾਨਕ ਗ੍ਰੈਜੂਏਟਸ ਨੂੰ ਭਰਤੀ ਕਰਨਾ ਚੰਗਾ ਕਦਮ ਹੈ ਪਰ ਇਸ ਨਾਲ ਤਜਰਬੇ ਵਾਲੇ ਇੰਜੀਨੀਅਰਾਂ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਯਾਨੀ ਐੱਚ-1ਬੀ ਵੀਜ਼ਾ ਦੀ ਮੰਗ ਬਣੀ ਰਹੇਗੀ।