20 FEB ਤੋਂ ਦੌੜੇਗੀ IRCTC ਦੀ 'ਕਾਸ਼ੀ ਮਹਾਕਾਲ', ਜਾਣੋ ਖਾਸ ਗੱਲਾਂ

Thursday, Feb 13, 2020 - 09:49 AM (IST)

20 FEB ਤੋਂ ਦੌੜੇਗੀ IRCTC ਦੀ 'ਕਾਸ਼ੀ ਮਹਾਕਾਲ', ਜਾਣੋ ਖਾਸ ਗੱਲਾਂ

ਨਵੀਂ ਦਿੱਲੀ— ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਹੁਣ ਤੀਜੀ ਪ੍ਰਾਈਵੇਟ ਰੇਲਗੱਡੀ 20 ਫਰਵਰੀ ਤੋਂ ਪਟੜੀ 'ਤੇ ਦੌੜਨ ਜਾ ਰਹੀ ਹੈ। ਇਹ ਰੇਲਗੱਡੀ ਵਾਰਾਣਸੀ ਅਤੇ ਇਦੌਰ ਵਿਚਕਾਰ ਦੌੜੇਗੀ, ਜਿਸ ਦਾ ਨਾਮ 'ਕਾਸ਼ੀ ਮਹਾਕਾਲ ਐਕਸਪ੍ਰੈੱਸ' ਹੋਵੇਗਾ।

ਨਵੀਂ ਕਾਸ਼ੀ ਮਹਾਂਕਾਲ ਐਕਸਪ੍ਰੈੱਸ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੀ ਪਹਿਲੀ ਕਾਰਪੋਰੇਟ ਰੇਲਗੱਡੀ ਤੇ ਰਾਤ ਭਰ ਚੱਲਣ ਵਾਲੀ ਸੁਪਰਫਾਸਟ AC ਗੱਡੀ ਹੋਵੇਗੀ।

 

ਇਸ ਤੀਜੀ ਨਵੀਂ ਪ੍ਰਾਈਵੇਟ ਰੇਲਗੱਡੀ 'ਚ ਸਫਰ ਕਰਨ ਵਾਲੇ ਯਾਤਰੀ ਤਿੰਨ ਮਹੱਤਵਪੂਰਨ ਅਸਥਾਨਾਂ- ਇੰਦੌਰ ਨੇੜੇ ਸ਼੍ਰੀ ਓਮਕਾਰੇਸ਼ਵਰ ਜੋਤਿਰਲਿੰਗਾ, ਉਜੈਨ ਦੇ ਮਹਾਕਲੇਸ਼ਵਰ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰ ਸਕਣਗੇ। ਕਿਉਂਕਿ ਆਈ. ਆਰ. ਸੀ. ਟੀ. ਸੀ. ਵੱਲੋਂ ਰਾਤ ਤੱਕ ਚਲਾਈ ਜਾਣ ਵਾਲੀ ਇਹ ਪਹਿਲੀ ਨਿੱਜੀ ਰੇਲਗੱਡੀ ਹੈ, ਇਸ ਲਈ ਇਸ 'ਚ ਲੋਕਾਂ ਲਈ ਬਿਹਤਰ ਸਹੂਲਤਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਆਈ. ਆਰ. ਸੀ. ਟੀ. ਸੀ. ਦਾ ਕਹਿਣਾ ਹੈ ਕਿ ਗੱਡੀ 'ਚ ਮੁਸਾਫਰਾਂ ਨੂੰ ਉੱਚ ਗੁਣਵੱਤਾ ਵਾਲੇ ਸ਼ਾਕਾਹਾਰੀ ਭੋਜਨ, ਆਨ-ਬੋਰਡ ਬੈੱਡਰੌਲ ਅਤੇ ਹਾਊਸਕੀਪਿੰਗ ਸੇਵਾਵਾਂ ਤੇ ਯਾਤਰਾ ਦੌਰਾਨ ਪੂਰੀ ਸਕਿਓਰਿਟੀ ਦਿੱਤੀ ਜਾਵੇਗੀ। ਯਾਤਰਾ ਦੌਰਾਨ ਮੁਸਾਫਰਾਂ ਦਾ 10 ਲੱਖ ਦਾ ਬੀਮਾ ਹੋਵੇਗਾ।

ਦੋਵੇਂ ਤੇਜਸ ਐਕਸਪ੍ਰੈੱਸ ਟਰੇਨਾਂ ਦੀ ਤਰ੍ਹਾਂ ਤੀਜੀ ਆਈ. ਆਰ. ਸੀ. ਟੀ. ਸੀ. ਰੇਲਗੱਡੀ 'ਚ ਸੀਟਾਂ ਦੀ ਬੁਕਿੰਗ ਵੀ ਉਸ ਦੀ ਵੈਬਸਾਈਟ ਅਤੇ ਮੋਬਾਈਲ ਐਪ 'ਤੇ ਉਪਲੱਬਧ ਹੋਵੇਗੀ। ਆਈ. ਆਰ. ਸੀ. ਟੀ. ਸੀ. ਦੇ ਅਧਿਕਾਰਤ ਏਜੰਟ ਤੇ ਆਨਲਾਈਨ ਟਰੈਵਲ ਪਾਰਟਨਰ ਵੀ ਮੁਸਾਫਰਾਂ ਲਈ ਟਿਕਟਾਂ ਬੁੱਕ ਕਰਵਾ ਸਕਦੇ ਹਨ। ਟੂਰ ਪੈਕੇਜ ਲੈਣ ਦੀ ਵੀ ਸੁਵਿਧਾ ਹੋਵੇਗੀ। ਟਰੇਨ ਰੱਦ ਹੋਣ 'ਤੇ ਕਨਫਰਮ ਤੇ ਵੇਟਿੰਗ ਲਿਸਟ ਦੇ ਮੁਸਾਫਰਾਂ ਨੂੰ ਪੂਰਾ ਰਿਫੰਡ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►IPhones ਦਾ ਸਟਾਕ ਖਤਮ ਹੋਣ ਦੇ ਕੰਢੇ, ਮਹਿੰਗੇ ਹੋ ਸਕਦੇ ਹਨ ਫੋਨ


Related News