ਕੌਮਾਂਤਰੀ ਫਲਾਈਟਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਬਿਆਨ, ਤੁਹਾਡੀ ਵੀ ਹੈ ਟਿਕਟ ਬੁੱਕ?

04/02/2020 11:37:57 PM

ਨਵੀਂ ਦਿੱਲੀ : ਲਾਕਡਾਊਨ ਖਤਮ ਹੋਣ ਮਗਰੋਂ ਕੌਮਾਂਤਰੀ ਉਡਾਣਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ ਪਰ ਇਹ ਸੰਬੰਧਤ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖ ਕੇ ਹੀ ਦਿੱਤੀ ਜਾਵੇਗੀ। ਸਰਕਾਰ ਜਲਦਬਾਜ਼ੀ ਵਿਚ ਕੋਈ ਵੱਡੀ ਖੁੱਲ੍ਹ ਦੇਣ ਦੇ ਮੂਡ ਵਿਚ ਨਹੀਂ ਹੈ।

PunjabKesari

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਲਾਕਡਾਊਨ ਸਮਾਪਤ ਹੋਣ ਪਿੱਛੋਂ ਸੰਬੰਧਤ ਦੇਸ਼ ਵਿਚ ਕੋਵਿਡ-19 ਦੀ ਸਥਿਤੀ ਦੇ ਆਧਾਰ' ਤੇ ਹੀ ਕੌਮਾਂਤਰੀ ਉਡਾਣਾਂ ਨੂੰ ਇੱਥੇ ਉਤਰਨ ਦੀ ਮਨਜ਼ੂਰੀ ਦੇਣ 'ਤੇ ਵਿਚਾਰ ਕੀਤਾ ਜਾਵੇਗਾ ਤੇ ਇਹ ਨਿਰਭਰ ਕਰੇਗਾ ਕਿ ਉਹ ਕਿਹੜੇ ਦੇਸ਼ਾਂ ਤੋਂ ਆ ਰਹੇ ਹਨ।

PunjabKesari

ਉਨ੍ਹਾਂ ਇਕ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, "ਭਾਰਤੀਆਂ ਨੂੰ ਵਾਪਸ ਘਰ ਲਿਆਉਣ ਲਈ ਆਉਣ ਵਾਲੀ ਕਿਸੇ ਵੀ ਫਲਾਈਟ ਨੂੰ ਲਾਕਡਾਊਨ ਖਤਮ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ।" ਇਕ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਲਾਕਡਾਊਨ ਸਮਾਪਤ ਹੋਣ ਤੋਂ ਬਾਅਦ ਹਾਲਾਤਾਂ ਦੇ ਮੱਦੇਨਜ਼ਰ ਹੀ ਕਿਸੇ ਦੇਸ਼ ਤੋਂ ਉਡਾਣਾਂ ਨੂੰ ਭਾਰਤ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ ਸਰਕਾਰ ਨੇ ਲਾਕਡਾਊਨ ਤੋਂ ਪਹਿਲਾਂ ਹੀ ਕੁਝ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਜਦੋਂ ਕੇਂਦਰੀ ਗ੍ਰਹਿ ਮੰਤਰਾਲਾ ਤੇ ਸਿਹਤ ਮੰਤਰਾਲਾ ਕਿਸੇ ਦੇਸ਼ ਨਾਲ ਹਵਾਈ ਆਵਾਜਾਈ ਨੂੰ ਸੁਰੱਖਿਅਤ ਐਲਾਨ ਕਰੇਗਾ ਤਾਂ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਸ ਦੇਸ਼ ਤੋਂ ਉਡਾਣਾਂ ਨੂੰ ਆਉਣ ਦੀ ਮਨਜ਼ੂਰੀ ਦੇ ਸਕਦਾ ਹੈ।

ਲੋਕਲ ਉਡਾਣਾਂ ‘ਤੇ ਕੀ ਬੋਲੇ

PunjabKesari
ਲੋਕਲ ਯਾਨੀ ਘਰੇਲੂ ਉਡਾਣਾਂ ਬਾਰੇ ਪੁਰੀ ਨੇ ਕਿਹਾ ਕਿ ਉਹ ਆਸਵੰਦ ਹਨ ਤੇ ਉਮੀਦ ਕਰਦੇ ਹਨ ਕਿ ਲਾਕਡਾਊਨ ਹੋਰ ਨਹੀਂ ਵਧਾਇਆ ਜਾਵੇਗਾ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਮੁਖੀ ਤੇ ਪ੍ਰਬੰਧਕ ਨਿਰਦੇਸ਼ਕ ਰਜੀਵ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੇ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਚੰਗੀ ਮਾਤਰਾ ਵਿਚ ਸੈਨੇਟਾਈਜ਼ਰ ਉਪਲੱਬਧ ਹਨ। ਸਟਾਫ ਲਈ ਮਾਸਕ, ਦਸਤਾਨੇ ਤੇ ਸਪੈਸ਼ਲ ਸੂਟ ਦੀ ਵੀ ਵਿਵਸਥਾ ਕਰ ਲਈ ਗਈ ਹੈ। ਕੁਝ ਏਅਰਲਾਈਨਾਂ ਵਲੋਂ ਲਾਕਡਾਊਨ ਖਤਮ ਹੋਣ ਤੋਂ ਪਹਿਲਾਂ ਹੀ ਟਿਕਟਾਂ ਬੁੱਕ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਕੰਪਨੀਆਂ ਸੁਤੰਤਰ ਹਨ ਪਰ ਜੇਕਰ ਲਾਕਡਾਊਨ ਵਧਦਾ ਹੈ ਤਾਂ ਉਨ੍ਹਾਂ ਨੂੰ ਟਿਕਟਾਂ ਰੱਦ ਕਰਨੀਆਂ ਪੈਣਗੀਆਂ।

PunjabKesari


Sanjeev

Content Editor

Related News