ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ
Saturday, May 29, 2021 - 09:33 AM (IST)
ਨਵੀਂ ਦਿੱਲੀ- ਸਰਕਾਰ ਨੇ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਲਾਈ ਪਾਬੰਦੀ ਹੋਰ ਅੱਗੇ ਵਧਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਇਕ ਨੋਟੀਫਿਕੇਸ਼ਨ ਮੁਤਾਬਕ, ਕੌਮਾਂਤਰੀ ਉਡਾਣਾਂ 'ਤੇ ਹੁਣ 30 ਜੂਨ 2021 ਤੱਕ ਪਾਬੰਦੀ ਜਾਰੀ ਰਹੇਗੀ। ਇਸ ਤੋਂ ਪਹਿਲਾਂ 31 ਮਈ 2021 ਤੱਕ ਇਹ ਪਾਬੰਦੀ ਲਈ ਲਾਈ ਗਈ ਸੀ। ਮਹਾਮਾਰੀ ਕਾਰਨ ਸ਼ਡਿਊਲਡ ਕੌਮਾਂਤਰੀ ਉਡਾਣਾਂ 'ਤੇ ਰੋਕ ਪਿਛਲੇ ਸਾਲ ਤੋਂ ਹੀ ਜਾਰੀ ਹੈ।
ਹਾਲਾਂਕਿ, ਮਈ 2020 ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਕਈ ਦੇਸ਼ਾਂ ਨਾਲ ਕੀਤੇ ਜਾ ਰਹੇ ਵਿਸ਼ੇਸ਼ ਦੋ-ਪੱਖੀ 'ਏਅਰ ਬੱਬਲ' ਕਰਾਰ ਤਹਿਤ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਾਰਗੋ ਫਲਾਈਟਾਂ 'ਤੇ ਕੋਈ ਰੋਕ ਨਹੀਂ ਹੈ। ਭਾਰਤ ਦਾ ਇਸ ਵੇਲੇ ਲਗਭਗ 28 ਦੇਸ਼ਾਂ ਨਾਲ ਦੋ-ਪੱਖੀ 'ਏਅਰ ਬੱਬਲ' ਸਮਝੌਤਾ ਹੈ, ਜਿਨ੍ਹਾਂ ਵਿਚ ਅਫਗਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੁਟਾਨ, ਕੈਨੇਡਾ, ਇਥੋਪੀਆ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵ, ਨੇਪਾਲ, ਨੀਦਰਲੈਂਡਜ਼, ਨਾਈਜੀਰੀਆ, ਓਮਾਨ, ਕਤਰ, ਰਵਾਂਡਾ, ਸੈਚੇਲਸ, ਤਨਜ਼ਾਨੀਆ, ਯੂਕ੍ਰੇਨ, ਯੂ. ਏ. ਈ., ਯੂ. ਕੇ., ਉਜ਼ਬੇਕਿਸਤਾਨ ਅਤੇ ਯੂ. ਐੱਸ. ਵਰਗੇ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ 4 ਰੁ: ਤੱਕ ਦਾ ਵਾਧਾ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
ਹਾਲਾਂਕਿ, ਮਹਾਮਾਰੀ ਦੀ ਦੂਜੀ ਲਹਿਰ ਕਾਰਨ ਭਾਰਤ ਵਿਚ ਵੱਧ ਰਹੇ ਸੰਕਰਮਣ ਨੂੰ ਦੇਖਦੇ ਹੋਏ ਇਸ ਸਾਲ ਅਪ੍ਰੈਲ ਵਿਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਸਣੇ ਕਈ ਦੇਸ਼ਾਂ ਨੇ ਭਾਰਤ ਜਾਣ-ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ਵਿਚੋਂ ਕੁਝ ਨੇ ਹਾਲ ਹੀ ਵਿਚ ਪਾਬੰਦੀ ਹਟਾਈ ਹੈ। ਗੌਰਤਲਬ ਹੈ ਕਿ ਮਹਾਮਾਰੀ ਕਾਰਨ ਲਗਭਗ ਸਾਰੇ ਦੇਸ਼ ਸੀਮਤ ਉਡਾਣਾਂ ਹੀ ਸਰਹੱਦੋਂ ਪਾਰ ਆਉਣ-ਜਾਣ ਦੀ ਮਨਜ਼ੂਰੀ ਦੇ ਰਹੇ ਹਨ। ਇਸ ਦੇ ਨਾਲ ਹੀ ਕੋਵਿਡ ਟੈਸਟਿੰਗ ਲਾਜ਼ਮੀ ਹੈ ਅਤੇ ਕਈ ਜਗ੍ਹਾ ਪਹੁੰਚਣ 'ਤੇ ਇਕਾਂਤਵਾਸ ਹੋਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਨਿਵੇਸ਼ਕਾਂ ਦੀ ਇਹ ਦੀਵਾਲੀ ਹੋਵੇਗੀ ਧਮਾਕੇਦਾਰ, Paytm ਲਿਆਏਗੀ IPO
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ