ਖੁਦਰਾ ਰੀਅਲ ਅਸਟੇਟ ''ਚ ਸੰਸਥਾਗਤ ਨਿਵੇਸ਼ ਛੇ ਗੁਣਾ ਵਧਿਆ : ਰਿਪੋਰਟ
Tuesday, Jan 10, 2023 - 03:13 PM (IST)
ਨਵੀਂ ਦਿੱਲੀ- ਮਹਾਂਮਾਰੀ ਤੋਂ ਬਾਅਦ ਸ਼ਾਪਿੰਗ ਮਾਲ ਵਿੱਚ ਗਤੀਵਿਧੀਆਂ ਵਧਣ ਨਾਲ ਸਾਲ 2022 ਵਿੱਚ ਪ੍ਰਚੂਨ ਰੀਅਲ ਅਸਟੇਟ ਸੈਕਟਰ ਵਿੱਚ ਸੰਸਥਾਗਤ ਨਿਵੇਸ਼ ਛੇ ਗੁਣਾ ਵੱਧ ਕੇ 49.2 ਕਰੋੜ ਡਾਲਰ ਤੱਕ ਪਹੁੰਚ ਗਿਆ। ਕੋਲੀਅਰਜ਼ ਇੰਡੀਆ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਦੇ ਅਨੁਸਾਰ ਸਾਲ 2021 'ਚ ਕੋਵਿਡ-19 ਮਹਾਂਮਾਰੀ ਕਾਰਨ ਸ਼ਾਪਿੰਗ ਮਾਲ ਕਾਰੋਬਾਰ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਨਾਲ ਰਿਟੇਲ ਰੀਅਲ ਅਸਟੇਟ ਖੇਤਰ ਵਿੱਚ ਸੰਸਥਾਗਤ ਨਿਵੇਸ਼ ਸਿਰਫ 7.7 ਕਰੋੜ ਡਾਲਰ ਰਿਹਾ ਸੀ।
ਪ੍ਰਾਪਟਰੀ ਸਲਾਹਕਾਰ ਫਰਮ ਕੋਲੀਅਰਜ਼ ਇੰਡੀਆ ਨੇ ਕਿਹਾ ਕਿ ਸਾਲ 2022 'ਚ ਭਾਰਤ ਦੇ ਰੀਅਲ ਅਸਟੇਟ ਸੈਕਟਰ ਵਿੱਚ ਸੰਸਥਾਗਤ ਨਿਵੇਸ਼ ਕਰੀਬ 20 ਫੀਸਦੀ ਵਧ ਕੇ 4.9 ਅਰਬ ਡਾਲਰ 'ਤੇ ਪਹੁੰਚ ਗਿਆ ਜਦਕਿ ਇੱਕ ਸਾਲ ਪਹਿਲਾਂ ਇਹ 4.8 ਅਰਬ ਡਾਲਰ ਰਿਹਾ ਸੀ। ਇਸ ਵਿੱਚ ਡੇਟਾ ਸੈਂਟਰਾਂ ਵਰਗੇ ਵਿਕਲਪਕ ਸੰਪੱਤੀ ਖੰਡ ਨੇ 86.7 ਕਰੋੜ ਡਾਲਰ ਦਾ ਨਿਵੇਸ਼ ਆਰਕਸ਼ਤ ਕੀਤਾ ਜਦਕਿ ਸਾਲ 2021 ਵਿੱਚ ਇਹ 45.3 ਕਰੋੜ ਡਾਲਰ ਰਿਹਾ ਸੀ। ਇਸ ਤਰ੍ਹਾਂ ਵਿਕਲਪਕ ਸੰਪੱਤੀ ਖੰਡ ਵਿੱਚ ਨਿਵੇਸ਼ ਪਿਛਲੇ ਸਾਲ 92 ਫੀਸਦੀ ਤੱਕ ਵਧ ਗਿਆ ਹੈ। ਇਸ ਖੰਡ ਵਿੱਚ ਡਾਟਾ ਸੈਂਟਰਾਂ ਤੋਂ ਇਲਾਵਾ ਬਜ਼ੁਰਗਾਂ ਲਈ ਰਿਹਾਇਸ਼, ਛੁੱਟੀਆਂ ਵਾਲੇ ਘਰ ਅਤੇ ਵਿਦਿਆਰਥੀ ਹਾਊਸਿੰਗ ਯੂਨਿਟ ਸ਼ਾਮਲ ਹਨ।
ਰਿਪੋਰਟ ਦੇ ਅਨੁਸਾਰ ਰੀਅਲ ਅਸਟੇਟ ਨਿਵੇਸ਼ ਦਫਤਰੀ ਸਥਾਨਾਂ ਦੀ ਹਿੱਸੇਦਾਰੀ 41 ਫੀਸਦੀ ਰਹੀ। ਸਾਲ 2022 ਵਿੱਚ ਇਸ ਖੰਡ ਵਿੱਚ ਕੁੱਲ ਸੰਸਥਾਗਤ ਨਿਵੇਸ਼ 1.98 ਅਰਬ ਡਾਲਰ ਰਹੀ ਜੋ ਇੱਕ ਸਾਲ ਪਹਿਲਾਂ 1.32 ਅਰਬ ਡਾਲਰ ਸੀ। ਹਾਲਾਂਕਿ ਉਦਯੋਗਿਕ ਅਤੇ ਭੰਡਾਰਨ ਸੰਪਤੀਆਂ 'ਚ ਨਿਵੇਸ਼ ਬੀਤੇ ਸਾਲ 29 ਫੀਸਦੀ ਘੱਟ ਕੇ 65.6 ਕਰੋੜ ਡਾਲਰ ਰਹਿ ਗਿਆ। ਉਧਰ ਰਿਹਾਇਸ਼ੀ ਸੰਪਤੀਆਂ ਵਰਗ 'ਚ ਵੀ ਸੰਸਥਾਗਤ ਨਿਵੇਸ਼ 29 ਫੀਸਦੀ ਡਿੱਗ ਕੇ 65.6 ਕਰੋੜ ਡਾਲਰ 'ਤੇ ਆ ਗਿਆ ਜਦਕਿ ਸਾਲ 2021 'ਚ ਇਹ 91.9 ਕਰੋੜ ਡਾਲਰ ਸੀ।