ਵੱਧਦੀ ਮਹਿੰਗਾਈ ਵਿਚਾਲੇ ਇਕ ਹੋਰ ਝਟਕਾ, 1 ਦਸੰਬਰ ਤੋਂ TV ਦੇਖਣਾ ਹੋ ਜਾਵੇਗਾ ਮਹਿੰਗਾ
Tuesday, Oct 19, 2021 - 05:38 PM (IST)
ਨਵੀਂ ਦਿੱਲੀ- ਇਕ ਦਸੰਬਰ ਤੋਂ ਟੀ.ਵੀ. ਚੈਨਲਾਂ ਦੇ ਬਿੱਲ ਵਧਣ ਵਾਲੇ ਹਨ। ਦੇਸ਼ ਦੇ ਮੁੱਖ ਬਰਾਡਕਾਸਟਿੰਗ ਨੈੱਟਵਰਕਸ ਜੀ, ਸਟਾਰ, ਸੋਨੀ ਅਤੇ ਵਾਇਕਾਮ 18 ਨੇ ਕੁਝ ਚੈਨਲਸ ਆਪਣੇ ਬੁਕੇ ਤੋਂ ਬਾਹਰ ਕਰ ਦਿੱਤੇ ਹਨ ਅਤੇ ਉਨ੍ਹਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਨਵੇਂ ਟੈਰਿਫ ਆਰਡਰ ਦੇ ਲਾਗੂ ਕਰਨ ਦੀ ਵਜ੍ਹਾ ਨਾਲ ਇਹ ਕੀਮਤਾਂ ਵਧ ਰਹੀਆਂ ਹਨ।
ਦੱਸ ਦੇਈਏ ਕਿ ਟਰਾਈ ਨੇ ਮਾਰਚ 2017 'ਚ ਟੀ.ਵੀ. ਚੈਨਲਾਂ ਦੀਆਂ ਕੀਮਤਾਂ ਨੂੰ ਲੈ ਕੇ ਨਿਊ ਟੈਰਿਫ ਆਰਡਰ (ਐੱਨ.ਟੀ.ਓ.) ਜਾਰੀ ਕੀਤਾ ਸੀ। ਉਸ ਤੋਂ ਬਾਅਦ 1 ਜਨਵਰੀ 2020 ਨੂੰ ਐੱਨ.ਟੀ.ਓ. 2.0 ਜਾਰੀ ਹੋਇਆ। ਇਸ ਦੇ ਚੱਲਦੇ ਸਾਰੇ ਨੈੱਟਵਰਕ ਐੱਨ.ਟੀ.ਓ. 2.0 ਦੇ ਅਨੁਸਾਰ ਆਪਣੇ ਚੈਨਲਾਂ ਦੀਆਂ ਕੀਮਤਾਂ ਬਦਲ ਰਹੇ ਹਨ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਦਾ ਵਿਚਾਰ ਸੀ ਕਿ ਐੱਨ.ਟੀ.ਓ. 2.0 ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੀ ਚੋਣ ਅਤੇ ਭੁਗਤਾਨ ਕਰਨ ਦਾ ਬਦਲ ਅਤੇ ਸੁਤੰਤਰਤਾ ਦੇਵੇਗਾ ਜਿਨ੍ਹਾਂ ਨੂੰ ਦੇਖਣਾ ਚਾਹੁੰਦੇ ਹੋ।
ਜਾਣੋ ਕੀ ਹੈ ਕਾਰਨ
ਬਰਾਡਕਾਸਟਿੰਗ ਨੈੱਟਵਰਕ ਦੇ ਕਿਸੇ ਬੁਕੇ 'ਚ ਆਫਰ ਕੀਤੇ ਜਾਣ ਵਾਲੀ ਚੈਨਲ ਦੀ ਮੰਥਲੀ ਵੈਲਿਊ 15-25 ਰੁਪਏ ਦੇ ਵਿਚਾਲੇ ਰੱਖੀ ਗਈ ਸੀ ਪਰ ਟਰਾਈ ਦੇ ਨਵੇਂ ਟੈਰਿਫ ਆਰਡਰ 'ਚ ਇਹ ਨਿਊਨਤਮ 12 ਰੁਪਏ ਤੈਅ ਕੀਤੀ ਗਈ ਹੈ। ਅਜਿਹੇ 'ਚ ਚੈਨਲਾਂ ਦੇ ਲਈ ਆਪਣੇ ਜ਼ਿਆਦਾਤਰ ਚੈਨਲ ਸਿਰਫ 12 ਰੁਪਏ 'ਚ ਆਫਰ ਕਰਨਾ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਇਹ ਨੁਕਸਾਨ ਘੱਟ ਕਰਨ ਲਈ ਨੈੱਟਵਰਕ ਨੇ ਕੁਝ ਪਾਪੁਲਰ ਚੈਨਲਾਂ ਨੂੰ ਬੁਕੇ ਤੋਂ ਬਾਹਰ ਕਰਕੇ ਉਨ੍ਹਾਂ ਦੀ ਕੀਮਤ ਵਧਾਉਣ ਦਾ ਰਸਤਾ ਸੋਚਿਆ ਹੈ।
ਕਿੰਨੇ ਰੁਪਏ ਖਰਚ ਹੋਣਗੇ
ਸਟਾਰ ਪਲੱਸ, ਕਲਰਸ, ਜੀ.ਟੀ.ਵੀ, ਸੋਨੀ ਅਤੇ ਕੁਝ ਰੀਜ਼ਨਲ ਚੈਨਲ ਵਰਗੇ ਮਸ਼ਹੂਰ ਚੈਨਲਾਂ ਨੂੰ ਦੇਖਣ ਲਈ, ਦਰਸ਼ਕਾਂ ਨੂੰ 35 ਤੋਂ 50 ਫੀਸਦੀ ਤੱਕ ਜ਼ਿਆਦਾ ਚੁਕਾਉਣੇ ਹੋਣਗੇ। ਨਵੀਂਆਂ ਕੀਮਤਾਂ 'ਤੇ ਇਕ ਸਰਸਰੀ ਨਜ਼ਰ ਮਾਰੀਏ ਤਾਂ ਜੇਕਰ ਕੋਈ ਦਰਸ਼ਕ ਸਟਾਰ ਅਤੇ ਡਿਜ਼ਨੀ ਇੰਡੀਆ ਦੇ ਚੈਨਲ ਦੇਖਣਾ ਜਾਰੀ ਰੱਖਣਾ ਚਾਹੁੰਦਾ ਹੈ 49 ਰੁਪਏ ਪ੍ਰਤੀ ਮਹੀਨੇ ਦੀ ਜਗ੍ਹਾ ਹੁਣ ਉਨੇ ਹੀ ਚੈਨਲਾਂ ਲਈ 69 ਰੁਪਏ ਖਰਚ ਕਰਨੇ ਹੋਣਗੇ।
ਸੋਨੀ ਲਈ ਉਨ੍ਹਾਂ ਨੂੰ ਹਰ ਮਹੀਨੇ 39 ਦੀ ਜਗ੍ਹਾ 71 ਰੁਪਏ ਖਰਚ ਕਰਨੇ ਹੋਣਗੇ। ਜੀ ਲਈ 39 ਰੁਪਏ ਦੀ ਜਗ੍ਹਾ 49 ਰੁਪਏ Viacom18 ਚੈਨਲਾਂ ਲਈ 25 ਰੁਪਏ ਪ੍ਰਤੀ ਮਹੀਨੇ ਦੀ ਜਗ੍ਹਾ 39 ਰੁਪਏ ਪ੍ਰਤੀ ਮਹੀਨੇ ਖਰਚ ਹੋਣਗੇ।