ਮਹਿੰਗਾਈ ਢਾਹੇਗੀ ਹੋਰ ਕਹਿਰ, 3 ਗੁਣਾ ਵਧਣਗੀਆਂ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ

Sunday, Jan 05, 2025 - 01:03 AM (IST)

ਮਹਿੰਗਾਈ ਢਾਹੇਗੀ ਹੋਰ ਕਹਿਰ, 3 ਗੁਣਾ ਵਧਣਗੀਆਂ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ

ਨਵੀਂ ਦਿੱਲੀ- ਆਸਮਾਨ ਛੂੰਹਦੀ ਮਹਿੰਗਾਈ ਤੋਂ ਹਰ ਕੋਈ ਪ੍ਰੇਸ਼ਾਨ ਹੈ ਪਰ ਇਹ ਮਹਿੰਗਾਈ ਆਉਣ ਵਾਲੇ ਸਾਲਾਂ ’ਚ ਆਪਣਾ ਕਹਿਰ ਹੋਰ ਢਾਹੇਗੀ। ਇਸ ਦੀ ਮੁੱਖ ਵਜ੍ਹਾ ਹੋਵੇਗੀ ਜਲਵਾਯੂ ਤਬਦੀਲੀ ਅਤੇ ਉਸ ਦਾ ਅਸਰ।

ਜਰਮਨੀ ਦੇ ਪਾਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ (ਪੀ. ਆਈ. ਕੇ.) ਦੇ ਖੋਜਕਾਰਾਂ ਨੇ ਕਿਹਾ ਕਿ ਉਤਸ਼ਾਹੀ ਜਲਵਾਯੂ ਨੀਤੀਆਂ ਦੇ ਬਾਵਜੂਦ ਘੱਟ ਕਮਾਈ ਵਾਲੇ ਦੇਸ਼ਾਂ ’ਚ 2050 ਤੱਕ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ 3 ਗੁਣਾ ਵਾਧਾ ਹੋਵੇਗਾ। ਇਸ ਦੌਰਾਨ ਉਤਪਾਦਕ ਕੀਮਤਾਂ ਵਧ ਕੇ 3.3 ਗੁਣਾ ਹੋ ਜਾਣਗੀਆਂ।

ਘੱਟ ਕਮਾਈ ਵਾਲੇ ਦੇਸ਼ਾਂ ’ਚ ਖਪਤਕਾਰ ਕੀਮਤਾਂ ’ਚ ਵਾਧੇ ਨਾਲ ਕਿਸਾਨ ਘੱਟ ਪ੍ਰਭਾਵਿਤ ਹੋਣਗੇ ਪਰ ਫਿਰ ਵੀ ਇਨ੍ਹਾਂ ਦੇਸ਼ਾਂ ’ਚ ਲੋਕਾਂ ਲਈ ਲੋੜੀਂਦਾ ਅਤੇ ਪੋਸ਼ਟਿਕ ਭੋਜਨ ਖਰੀਦਣਾ ਔਖਾ ਹੋ ਜਾਵੇਗਾ। ਭਾਵ ਲੋਕਾਂ ’ਤੇ ਮਹਿੰਗਾਈ ਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ।

ਜਾਣਕਾਰਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆ ’ਚ ਮਹਿੰਗਾਈ ਵਧਣ ਦਾ ਅਸਰ ਭਾਰਤ ’ਤੇ ਵੀ ਵਿਖਾਈ ਦੇਵੇਗਾ।

ਕਿਸਾਨਾਂ ਨੂੰ ਬਹੁਤ ਘੱਟ ਮਿਲ ਰਿਹਾ ਹਿੱਸਾ

ਪੀ. ਆਈ. ਕੇ. ਦੇ ਵਿਗਿਆਨੀ ਅਤੇ ‘ਨੇਚਰ ਫੂਡ’ ’ਚ ਪ੍ਰਕਾਸ਼ਿਤ ਅਧਿਐਨ ਦੇ ਪ੍ਰਮੁੱਖ ਲੇਖਕ ਡੇਵਿਡ ਮੇਂਗ-ਚੁਏਨ ਚੇਨ ਨੇ ਕਿਹਾ ਕਿ ਅਮਰੀਕਾ ਜਾਂ ਜਰਮਨੀ ਵਰਗੇ ਉੱਚ ਕਮਾਈ ਵਾਲੇ ਦੇਸ਼ਾਂ ’ਚ ਕਿਸਾਨਾਂ ਨੂੰ ਖੁਰਾਕ ਖਰਚੇ ਦਾ ਇਕ-ਚੌਥਾਈ ਤੋਂ ਵੀ ਘੱਟ ਮਿਲਦਾ ਹੈ, ਜਦੋਂ ਕਿ ਉਪ-ਸਹਾਰਾ ਅਫਰੀਕਾ ’ਚ ਇਹ 70 ਫ਼ੀਸਦੀ ਤੋਂ ਵੱਧ ਹੈ, ਜਿੱਥੇ ਖੇਤੀ ਦੀ ਲਾਗਤ ਖੁਰਾਕੀ ਵਸਤਾਂ ਦੀਆਂ ਕੀਮਤਾਂ ਦਾ ਇਕ ਵੱਡਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਇਹ ਫਰਕ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਵੱਖ-ਵੱਖ ਖੇਤਰਾਂ ’ਚ ਖੁਰਾਕ ਪ੍ਰਣਾਲੀਆਂ ਕਿੰਨੇ ਵੱਖ-ਵੱਖ ਤਰੀਕੇ ਨਾਲ ਕੰਮ ਕਰਦੀਆਂ ਹਨ।

ਖੋਜਕਾਰਾਂ ਨੇ ਅੰਦਾਜ਼ਾ ਪ੍ਰਗਟਾਇਆ ਕਿ ਜਿਵੇਂ-ਜਿਵੇਂ ਅਰਥਵਿਵਸਥਾਵਾਂ ਵਿਕਸਤ ਹੋਣਗੀਆਂ ਅਤੇ ਖੁਰਾਕ ਪ੍ਰਣਾਲੀਆਂ ਉਦਯੋਗਿਕ ਹੋਣਗੀਆਂ, ਕਿਸਾਨਾਂ ਨੂੰ ਖਪਤਕਾਰ ਖ਼ਰਚੇ ਦਾ ਘੱਟ ਹਿੱਸਾ ਮਿਲੇਗਾ।

136 ਦੇਸ਼ਾਂ ’ਤੇ ਕੀਤੀ ਗਈ ਰਿਸਰਚ

ਵਿਸ਼ਲੇਸ਼ਣ ਲਈ ਖੋਜਕਾਰਾਂ ਨੇ ਅੰਕੜੇ ਅਤੇ ਪ੍ਰਕਿਰਿਆ-ਆਧਾਰਿਤ ਮਾਡਲ ਦੀ ਵਰਤੋਂ ਕਰ ਕੇ 136 ਦੇਸ਼ਾਂ ਅਤੇ 11 ਭੋਜਨ ਸਮੂਹਾਂ ’ਚ ਭੋਜਨ ਮੁੱਲ ਦੇ ਹਿੱਸਿਆਂ ਦਾ ਮੁਲਾਂਕਣ ਕੀਤਾ।

ਸੰਪੂਰਣ ਭੋਜਨ ਮੁੱਲ ਲੜੀਆਂ ਦਾ ਵਿਸ਼ਲੇਸ਼ਣ ਕਰਨ ਨਾਲ ਖੋਜਕਾਰਾਂ ਨੂੰ ਇਹ ਸਮਝਣ ’ਚ ਵੀ ਮਦਦ ਮਿਲੀ ਕਿ ਗ੍ਰੀਨਹਾਊਸ ਗੈਸਾਂ ਨੂੰ ਘੱਟ ਕਰਨ ਦੇ ਮਕਸਦ ਨਾਲ ਬਣਾਈਆਂ ਗਈਆਂ ਨੀਤੀਆਂ ਖਪਤਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।

ਚੇਨ ਨੇ ਕਿਹਾ ਕਿ ਖੇਤੀਬਾੜੀ ’ਚ ਨਿਕਾਸੀ ਨੂੰ ਘੱਟ ਕਰਨ ਦੇ ਮਕਸਦ ਨਾਲ ਬਣਾਈਆਂ ਗਈਆਂ ਜਲਵਾਯੂ ਨੀਤੀਆਂ ਅਕਸਰ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਬਾਰੇ ਚਿੰਤਾਵਾਂ ਪੈਦਾ ਕਰਦੀਆਂ ਹਨ। ਵਿਸ਼ਲੇਸ਼ਣ ਮੁਤਾਬਕ ਆਧੁਨਿਕ ਖੁਰਾਕ ਪ੍ਰਣਾਲੀਆਂ ਦੀਆਂ ਲੰਮੀਆਂ ਸਪਲਾਈ ਲੜੀਆਂ ਖਪਤਕਾਰ ਕੀਮਤਾਂ ਨੂੰ ਭਾਰੀ ਵਾਧੇ ਤੋਂ ਬਚਾਉਂਦੀਆਂ ਹਨ।


author

Rakesh

Content Editor

Related News