ਪਤੰਜਲੀ ਨੂੰ ਚਵਨਪ੍ਰਾਸ਼ ਸਬੰਧੀ ਇਸ਼ਤਿਹਾਰ ਰੋਕਣ ਦੇ ਹੁਕਮ
Tuesday, Nov 11, 2025 - 10:24 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਉਸ ਇਸ਼ਤਿਹਾਰ ਨੂੰ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰਨ ਤੋਂ ਰੋਕ ਦਿੱਤਾ ਹੈ ਜਿਸ ’ਚ ਹੋਰਨਾਂ ਕੰਪਨੀਆਂ ਦੇ ‘ਚਵਨਪ੍ਰਾਸ਼ਾਂ’ ਨੂੰ ‘ਧੋਖਾ’ ਦੱਸਿਆ ਗਿਆ ਹੈ। ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਸਾਰੇ ਇਲੈਕਟ੍ਰਾਨਿਕ, ਡਿਜੀਟਲ ਤੇ ਪ੍ਰਿੰਟ ਮੀਡੀਆ ਤੋਂ ਇਸ਼ਤਿਹਾਰ ਹਟਾਉਣ ਦਾ ਨਿਰਦੇਸ਼ ਦਿੱਤਾ।
ਹਾਈ ਕੋਰਟ ਨੇ ਕਿਹਾ ਕਿ ਇਸ਼ਤਿਹਾਰ ਰਾਹੀਂ ਇਹ ਸੰਦੇਸ਼ ਦੇਣਾ ਕਿ ਸਿਰਫ਼ ਪਤੰਜਲੀ ਦੇ ਉਤਪਾਦ ਹੀ ਅਸਲੀ ਹਨ ਤੇ ਬਾਕੀ ਸਭ ਗੁੰਮਰਾਹਕੁੰਨ ਹਨ, ਗਲਤ ਹੈ। ਇਹ ਆਮ ਤੌਰ ’ਤੇ ਚਵਨਪ੍ਰਾਸ਼ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਬਦਨਾਮ ਕਰਦਾ ਹੈ। ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਆਯੁਰਵੇਦ ਲਈ ‘ਮਾਣਹਾਨੀ’ ਵਾਲੇ ਇਸ਼ਤਿਹਾਰ ’ਤੇ ਰੋਕ ਲਾਉਣ ਵਾਲੀ ਡਾਬਰ ਇੰਡੀਆ ਦੀ ਪਟੀਸ਼ਨ ’ਤੇ ਅੰਤ੍ਰਿਮ ਹੁਕਮ ਜਾਰੀ ਕੀਤਾ।
