ਜੁਲਾਈ ’ਚ ਅਜੇ ਹੋਰ ਸਤਾਏਗੀ ਮਹਿੰਗਾਈ, ਗੈਸ ਅਤੇ ਦੁੱਧ ਦੀਆਂ ਕੀਮਤਾਂ ਤੋਂ ਹੋਈ ਸ਼ੁਰੂਆਤ

Sunday, Jul 04, 2021 - 11:15 AM (IST)

ਜੁਲਾਈ ’ਚ ਅਜੇ ਹੋਰ ਸਤਾਏਗੀ ਮਹਿੰਗਾਈ, ਗੈਸ ਅਤੇ ਦੁੱਧ ਦੀਆਂ ਕੀਮਤਾਂ ਤੋਂ ਹੋਈ ਸ਼ੁਰੂਆਤ

ਨਵੀਂ ਦਿੱਲੀ (ਵਿਸ਼ੇਸ਼) – ਤੇਲ ਕੰਪਨੀਆਂ ਵਲੋਂ 1 ਜੁਲਾਈ ਤੋਂ ਘਰੇਲੂ ਰਸੋਈ ਗੈਸ ਦੀ ਕੀਮਤ ’ਚ 25 ਰੁਪਏ ਦਾ ਵਾਧਾ ਕੀਤੇ ਜਾਣ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਮਿਲਕ ਕੋ-ਆਪ੍ਰੇਟਿਵ ਅਮੂਲ ਅਤੇ ਪੰਜਾਬ ਦੀ ਸਰਕਾਰੀ ਮਿਲਕ ਕੋ-ਆਪ੍ਰੇਟਿਵ ਵੇਰਕਾ ਨੇ ਦੁੱਧ ਦੀਆਂ ਕੀਮਤਾਂ ’ਚ ਦੋ ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਮਤਲਬ ਸਪੱਸ਼ਟ ਹੈ ਕਿ ਜੁਲਾਈ ਦੇ ਪਹਿਲੇ ਦੋ ਦਿਨ ’ਚ ਹੀ ਆਮ ਲੋਕਾਂ ਨੂੰ ਮਹਿੰਗਾਈ ਦੇ ਦੋ ਵੱਡੇ ਝਟਕੇ ਲੱਗ ਗਏ ਹਨ।

ਅਮੂਲ ਅਤੇ ਵੇਰਕਾ ਵਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਆਮ ਦੁੱਧ ਦੀ ਸਪਲਾਈ ਕਰਨ ਵਾਲੇ ਵੀ ਦੁੱਧ ਦੀਆਂ ਕੀਮਤਾਂ ਵਧਾਉਣਗੇ ਅਤੇ ਇਸ ਦੇ ਨਾਲ ਹੀ ਦੁੱਧ ਤੋਂ ਬਣਾਏ ਜਾਣ ਵਾਲੇ ਹੋਰ ਉਤਪਾਦਾਂ, ਮੱਖਣ, ਦਹੀ, ਪਨੀਰ ਅਤੇ ਦੇਸੀ ਘਿਓ ਦੀਆਂ ਕੀਮਤਾਂ ਵੀ ਵਧਣਗੀਆਂ।

ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਸਿੱਧਾ ਅਸਰ ਰਸੋਈ ’ਤੇ ਪੈਣ ਲੱਗਾ ਹੈ, ਜਿਸ ਨਾਲ ਆਮ ਲੋਕਾਂ ਦਾ ਬਜਟ ਵਿਗੜਨਾ ਤੈਅ ਹੈ।

ਦਰਾਮਦ ਡਿਊਟੀ ਘਟਣ ਨਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਤੇ ਅਸਰ ਨਹੀਂ

ਪਿਛਲੇ ਇਕ ਸਾਲ ’ਚ ਸਭ ਤੋਂ ਜ਼ਿਆਦਾ ਮਹਿੰਗਾਈ ਖਾਣ ਵਾਲੇ ਤੇਲਾਂ ’ਚ ਦੇਖਣ ਨੂੰ ਮਿਲੀ ਹੈ ਅਤੇ ਸਰ੍ਹੋਂ ਦੇ ਤੇਲ ਤੋਂ ਲੈ ਕੇ ਸੂਰਜਮੁਖੀ, ਮੂੰਗਫਲੀ ਅਤੇ ਵਨਸਪਤੀ ਦਾ ਤੇਲ ਕਾਫੀ ਮਹਿੰਗਾ ਹੋ ਗਿਆ ਹੈ। ਸਭ ਤੋਂ ਜ਼ਿਆਦਾ ਤੇਜ਼ੀ ਸੂਰਜਮੁਖੀ ਦੇ ਤੇਲ ’ਚ ਆਈ ਹੈ ਅਤੇ ਇਸ ਦੀ ਰਿਟੇਲ ਕੀਮਤ 128 ਰੁਪਏ ਪ੍ਰਤੀ ਪੈਕੇਟ ਤੋਂ ਵਧ ਕੇ 193 ਰੁਪਏ ਹੋ ਗਈ ਹੈ।

ਹਾਲਾਂਕਿ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਨੂੰ ਘੱਟ ਕਰਨ ਲਈ ਪਿਛਲੇ ਦਿਨੀਂ ਇਸ ਦੀ ਦਰਾਮਦ ’ਤੇ ਲਗਾਈ ਜਾਣ ਵਾਲੀ ਡਿਊਟੀ ਨੂੰ ਘੱਟ ਕੀਤਾ ਹੈ।

ਸਰਕਾਰ ਨੇ ਪਾਮ ਆਇਲ ’ਤੇ ਲੱਗਣ ਵਾਲੀ ਦਰਾਮਦ ਡਿਊਟੀ ਨੂੰ 15 ਫੀਸਦੀ ਤੋਂ ਘੱਟ ਕਰ ਕੇ 10 ਫੀਸਦੀ ਕਰ ਦਿੱਤਾ ਸੀ ਤਾਂ ਕਿ ਪਾਮ ਆਇਲ ਦੀ ਦਰਾਮਦ ਸਸਤੀ ਹੋਣ ਕਾਰਨ ਘਰੇਲੂ ਬਾਜ਼ਾਰ ’ਚ ਖਾਣ ਵਾਲੇ ਤੇਲ ਸਸਤੇ ਹੋ ਸਕਣ ਪਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਅਗਲੇ ਹੀ ਦਿਨ ਕੌਮਾਂਤਰੀ ਬਾਜ਼ਾ ’ਚ ਪਾਮ ਆਇਲ ਦੀਆਂ ਕੀਮਤਾਂ ’ਚ ਤੇਜੀ਼ ਆ ਗਈ ਅਤੇ ਮਲੇਸ਼ੀਆ ’ਚ ਪਾਮ ਆਇਲ ਦੀਆਂ ਕੀਮਤਾਂ ਕਰੀਬ ਡੇਢ ਫੀਸਦੀ ਤੇਜ਼ ਹੋ ਗਈਆਂ। ਲਿਹਾਜਾ ਹੁਣ ਸਰਕਾਰ ਵਲੋਂ ਇੰਪੋਰਟ ਡਿਊਟੀ ਰਾਹੀਂ ਦਿੱਤੀ ਗਈ ਰਾਹਤ ਦਾ ਅਸਰ ਲਗਭਗ ਖਤਮ ਹੋ ਗਿਆ ਹੈ ਅਤੇ ਰਿਟੇਲ ਖਪਤਕਾਰਾਂ ਨੂੰ ਹੁਣ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ।

ਇਕ ਸਾਲ ’ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ

ਵਸਤੂ -           2 ਜੁਲਾਈ 2020 -      2 ਜੁਲਾਈ 2021
ਚੌਲ                     35                         31
ਆਟਾ                   24                         24
ਅਰਹਰ ਦਾਲ         96                       110
ਮਾਂਹ ਦੀ ਦਾਲ       106                       114
ਮੂੰਗ ਦਾਲ           108                        100
ਖੰਡ                    38                          37
ਦੁੱਧ                   46                          46

ਸਰ੍ਹੋਂ ਤੇਲ           138                        165
ਮੂੰਗਫਲੀ ਤੇਲ     179                        188
ਸੂਰਜਮੁਖੀ ਤੇਲ   105                        137
ਚਾਹ                243                        232
ਗੁੜ                  57                          49
ਲੂਣ                   20                         20


author

Harinder Kaur

Content Editor

Related News