ਉਦਯੋਗਪਤੀ ਰਤਨ ਟਾਟਾ ਡੀ. ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
Sunday, Jun 12, 2022 - 11:10 AM (IST)
ਮੁੰਬਈ (ਭਾਸ਼ਾ) – ਟਾਟਾ ਸਮੂਹ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨੂੰ ਮਹਾਰਾਸ਼ਟਰ ਦੀ ਐੱਚ. ਐੱਸ. ਐੱਨ. ਸੀ. ਯੂਨੀਵਰਸਿਟੀ ਨੇ ਸਮਾਜ ’ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਡੀ. ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਅਤੇ ਇਸ ਯੂਨੀਵਰਸਿਟੀ ਦੇ ਚਾਂਸਲਰ ਭਗਤ ਸਿੰਘ ਕੋਸ਼ਯਾਰੀ ਨੇ ਸ਼ਨੀਵਾਰ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਕਨਵੋਕੇਸ਼ਨ ’ਚ ਟਾਟਾ ਨੂੰ ਇਹ ਡਿਗਰੀ ਦਿੱਤੀ।
ਇਸ ਸਮਾਰੋਹ ’ਚ ਕੋਸ਼ਯਾਰੀ ਨੇ ਕਿਹਾ ਕਿ ਰਤਨ ਟਾਟਾ ਸਿਰਫ ਇਕ ਉਦਯੋਗਪਤੀ ਜਾਂ ਕਾਰਪੋਰੇਟ ਜਗਤ ਦੇ ਆਦਰਸ਼ ਹੀ ਨਹੀਂ ਸਗੋਂ ਇਕ ਮਹਾਨ ਇਨਸਾਨ ਹੈ, ਜਿਨ੍ਹਾਂ ਨੇ ਨਿਮਰਤਾ, ਮਨੁੱਖਤਾ ਅਤੇ ਕਦਰਾਂ-ਕੀਮਤਾਂ ਨੂੰ ਬੜ੍ਹਾਵਾ ਦਿੱਤਾ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਐੱਚ. ਐੱਸ. ਐੱਨ. ਸੀ. ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਸਵੀਕਾਰ ਕਰ ਕੇ ਮਾਣ ਮਹਿਸੂਸ ਕਰਵਾਇਆ ਹੈ। ਇਸ ਮੌਕੇ ’ਤੇ ਰਤਨ ਟਾਟਾ ਨੇ ਆਪਣੇ ਭਾਸ਼ਣ ’ਚ ਯੂਨੀਵਰਸਿਟੀ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਮੇਰੇ ਲਈ ਕਾਫੀ ਅਹਿਮੀਅਤ ਰੱਖਦਾ ਹੈ। ਇਸ ਯੂਨੀਵਰਸਿਟੀ ਦਾ ਗਠਨ ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨ ਦੀ ਸੋਚ ਨਾਲ ਹੋਇਆ ਹੈ ਜੋ ਦੇਸ਼ ਦੇ ਭਵਿੱਖ ਦੇ ਆਗੂ ਬਣ ਸਕਣ ਜੋ ਸੱਚਾਈ, ਨਿਸ਼ਾਨੇ ਅਤੇ ਜ਼ਿੰਮੇਵਾਰੀ ਦੀ ਪਾਲਣਾ ਕਰਨ।