ਇੰਡੀਗੋ 28 ਮਾਰਚ ਨੂੰ ਬੇਂਗਲੁਰੂ, ਭੋਪਾਲ ਤੋਂ ਆਗਰਾ ਲਈ ਉਡਾਣਾਂ ਸ਼ੁਰੂ ਕਰੇਗੀ
Saturday, Jan 23, 2021 - 01:44 PM (IST)
ਨਵੀਂ ਦਿੱਲੀ- ਇੰਡੀਗੋ ਨੇ ਕਿਹਾ ਕਿ ਉਹ ਖੇਤਰੀ ਸੰਪਰਕ ਯੋਜਨਾ ਉਡਾਣ ਤਹਿਤ 28 ਮਾਰਚ ਤੋਂ ਆਗਰਾ-ਬੇਂਗਲੁਰੂ ਅਤੇ ਆਗਰਾ-ਭੋਪਾਲ ਮਾਰਗਾਂ 'ਤੇ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇੰਡੀਗੋ ਦੇ ਨੈੱਟਵਰਕ ਵਿਚ ਆਗਰਾ ਉਸ ਦੀ 64ਵੀਂ ਮੰਜ਼ਲ ਹੋਵੇਗੀ।
ਇੰਡੀਗੋ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਇਹ ਚਾਰ ਹੋਰ ਸ਼ਹਿਰਾਂ- ਕੁਰਨੂਲ, ਬਰੇਲੀ, ਦੁਰਗਾਪੁਰ ਅਤੇ ਰਾਜਕੋਟ ਲਈ ਉਡਾਣਾਂ ਚਲਾਏਗੀ।
ਗੌਰਤਲਬ ਹੈ ਕਿ ਉਡਾਣ ਯੋਜਨਾ ਤਹਿਤ ਸਰਕਾਰ ਹਵਾਈ ਕੰਪਨੀਆਂ ਨੂੰ ਪ੍ਰੋਤਸਾਹਨ ਦਿੰਦੀ ਹੈ ਤਾਂ ਜੋ ਹਰ ਕੋਈ ਘੱਟ ਕਿਰਾਏ ਵਿਚ ਹਵਾਈ ਸਫ਼ਰ ਦਾ ਫਾਇਦਾ ਉਠਾ ਸਕੇ।
ਕੋਰੋਨਾ ਮਹਾਮਾਰੀ ਵਿਚਕਾਰ ਤਕਰੀਬਨ ਦੋ ਮਹੀਨੇ ਉਡਾਣਾਂ ਬੰਦ ਰਹਿਣ ਪਿੱਛੋਂ ਮਈ 2020 ਤੋਂ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉੱਥੇ ਹੀ, ਸ਼ਡਿਊਲਡ ਕੌਮਾਂਤਰੀ ਉਡਾਣਾਂ 'ਤੇ ਹਾਲੇ ਵੀ ਪਾਬੰਦੀ ਹੈ। ਹਾਲਾਂਕਿ, ਦੋ-ਪੱਖੀ ਏਅਰ ਬੱਬਲ ਕਰਾਰ ਤਹਿਤ ਕੁਝ ਦੇਸ਼ਾਂ ਲਈ ਸੀਮਤਾਂ ਉਡਾਣਾਂ ਚੱਲ ਰਹੀਆਂ ਹਨ।
ਇਸ ਵਿਚਕਾਰ ਖ਼ਬਰ ਇਹ ਵੀ ਹੈ ਕਿ ਸਰਕਾਰ ਘਰੇਲੂ ਉਡਾਣਾਂ 'ਤੇ ਪਾਬੰਦੀ ਹਟਾਉਣ ਦਾ ਵਿਚਾਰ ਕਰ ਰਹੀ ਹੈ, ਤਾਂ ਜੋ ਇਹ ਕੋਵਿਡ ਤੋਂ ਪਹਿਲਾਂ ਵਾਂਗ ਪੂਰੀ ਤਰ੍ਹਾਂ ਸੰਚਾਲਨ ਕਰ ਸਕਣ। ਮੌਜੂਦਾ ਸਮੇਂ ਘਰੇਲੂ ਉਡਾਣਾਂ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 80 ਫ਼ੀਸਦੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਹੈ।