ਦਿੱਲੀ-ਲੇਹ ਲਈ ਇਸ ਤਾਰੀਖ਼ ਤੋਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ ਇੰਡੀਗੋ
Saturday, Jan 16, 2021 - 09:42 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੀ ਦਿੱਗਜ ਏਅਰਲਾਈਨ ਇੰਡੀਗੋ 22 ਫਰਵਰੀ 2021 ਨੂੰ ਦਿੱਲੀ ਅਤੇ ਲੇਹ ਦਰਮਿਆਨ ਉਡਾਣ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ। ਸ਼ਨੀਵਾਰ ਨੂੰ ਕੰਪਨੀ ਨੇ ਇਹ ਘੋਸ਼ਣਾ ਕੀਤੀ। ਇੰਡੀਗੋ ਲਈ ਲੇਹ 63ਵੀਂ ਘਰੇਲੂ ਮੰਜ਼ਿਲ ਹੋਵੇਗੀ। ਏਅਰਲਾਈਨ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ-ਲੇਹ ਵਿਚਕਾਰ ਰੋਜ਼ਾਨਾ ਉਡਾਣਾਂ ਹੋਣਗੀਆਂ। ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਇੰਡੀਗੋ ਨੇ ਕਿਹਾ, ''ਲੱਦਾਖ ਦੀ ਰਾਜਧਾਨੀ ਲੇਹ ਨੂੰ ਸਾਫ਼ ਸੁਥਰੇ ਵਾਤਾਵਰਣ, ਉੱਥੋਂ ਦੀ ਸੁੰਦਰਤਾ, ਸਾਹਸੀ ਗਤੀਵਧੀਆਂ, ਬੋਧੀ ਮੱਠਾਂ ਅਤੇ ਤਿਉਹਾਰਾਂ ਲਈ ਜਾਣਿਆ ਜਾਂਦਾ ਹੈ। ਲੇਹ ਵਿਚ ਅਪ੍ਰੈਲ ਤੋਂ ਸਤੰਬਰ ਦੀ ਮਿਆਦ ਦੌਰਾਨ ਸੈਲਾਨੀ ਘੁੰਮਣਾ ਪਸੰਦ ਕਰਦੇ ਹਨ।"
ਏਅਰਲਾਈਨ ਦੇ ਮੁੱਖ ਰਣਨੀਤਕ ਅਤੇ ਮਾਲੀਆ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ ਕਿ ਅਸੀਂ ਖੇਤਰੀ ਸੰਪਰਕ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ, ਇਸ ਨਾਲ ਨਾ ਸਿਰਫ਼ ਇਨ੍ਹਾਂ ਥਾਵਾਂ ਲਈ ਲੋਕਾਂ ਦੀ ਪਹੁੰਚ ਵਧੇਗੀ ਸਗੋਂ ਦੇਸ਼ ਵਿਚ ਘਰੇਲੂ ਵਪਾਰ ਅਤੇ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ।
ਗੌਰਤਲਬ ਹੈ ਕਿ ਸਪਾਈਸ ਜੈੱਟ 23 ਜਨਵਰੀ ਤੋਂ ਦਿੱਲੀ ਅਤੇ ਸਿੱਕਮ ਦੇ ਪਾਕਯੋਂਗ (ਗੰਗਟੋਕ) ਹਵਾਈ ਅੱਡੇ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸਪਾਈਸ ਜੈੱਟ ਨੇ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ 'ਉਡਾਣ' ਜਿਸ ਨੂੰ ਉੱਡੇ ਦੇਸ਼ ਕਾ ਆਮ ਨਾਗਰਿਕ ਨਾਂ ਨਾਲ ਵੀ ਜਾਣਦੇ ਹਨ ਤਹਿਤ ਪਾਕਯੋਂਗ ਲਈ ਬੋਲੀ ਜਿੱਤੀ ਸੀ। ਸਪਾਈਸ ਜੈੱਟ ਇਕਲੌਤੀ ਹਵਾਈ ਜਹਾਜ਼ ਕੰਪਨੀ ਹੈ ਜੋ ਦਿੱਲੀ ਅਤੇ ਸਿੱਕਮ ਦਰਮਿਆਨ ਰੋਜ਼ਾਨਾ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸਪਾਈਸ ਜੈੱਟ 27 ਜਨਵਰੀ ਤੋਂ ਦਿੱਲੀ-ਲੇਹ-ਦਿੱਲੀ ਸੈਕਟਰ 'ਤੇ ਵੀ ਦੂਜੀ ਉਡਾਣ ਸ਼ਾਮਲ ਕਰਨ ਵਾਲੀ ਹੈ।