ਇੰਡੀਗੋ ਵੱਲੋਂ ਸਸਤੀ ਟਿਕਟ ਦਾ ਤੋਹਫਾ, 26 ਦਸੰਬਰ ਤਕ ਕਰ ਸਕਦੇ ਹੋ ਬੁਕਿੰਗ

Monday, Dec 23, 2019 - 11:43 AM (IST)

ਇੰਡੀਗੋ ਵੱਲੋਂ ਸਸਤੀ ਟਿਕਟ ਦਾ ਤੋਹਫਾ, 26 ਦਸੰਬਰ ਤਕ ਕਰ ਸਕਦੇ ਹੋ ਬੁਕਿੰਗ

ਨਵੀਂ ਦਿੱਲੀ— ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਇੰਡੀਗੋ ਨੇ ਸਾਲ 2019 ਸਮਾਪਤ ਹੋਣ ਤੋਂ ਪਹਿਲਾਂ ਖਾਸ ਮਾਰਗਾਂ 'ਤੇ ਘੱਟ ਕੀਮਤਾਂ 'ਚ ਟਿਕਟਾਂ ਦੀ ਵਿਕਰੀ ਸ਼ੁਰੂ ਕੀਤੀ ਹੈ। ਨਵੇਂ ਸਾਲ 'ਚ ਹਵਾਈ ਯਾਤਰਾ ਦਾ ਪਲਾਨ ਹੈ ਤਾਂ ਤੁਸੀਂ ਸਸਤੀ ਟਿਕਟ ਦਾ ਫਾਇਦਾ ਉਠਾ ਸਕਦੇ ਹੋ। 'The big fat IndiGo sale' ਤਹਿਤ ਟਿਕਟਾਂ ਦੀ ਬੁਕਿੰਗ 23 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ 26 ਦਸੰਬਰ 2019 ਤਕ ਕੀਤੀ ਜਾ ਸਕਦੀ ਹੈ। ਇਸ ਤਹਿਤ 15 ਜਨਵਰੀ 2020 ਤੇ 15 ਅਪ੍ਰੈਲ 2020 ਵਿਚਕਾਰ ਯਾਤਰਾ ਕੀਤੀ ਜਾ ਸਕਦੀ ਹੈ। 

 

ਇੰਡੀਗੋ ਦੀ ਅੰਮ੍ਰਿਤਸਰ ਤੋਂ ਦਿੱਲੀ ਲਈ ਟਿਕਟ 2,299 ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਦਿੱਲੀ-ਅੰਮ੍ਰਿਤਸਰ ਦੀ ਫਲਾਈਟ ਟਿਕਟ 2,099 ਰੁਪਏ 'ਚ ਖਰੀਦੀ ਜਾ ਸਕਦੀ ਹੈ। ਉੱਥੇ ਹੀ, ਚੰਡੀਗੜ੍ਹ-ਮੁੰਬਈ ਲਈ 3,599 ਰੁਪਏ 'ਚ ਟਿਕਟ ਖਰੀਦੀ ਜਾ ਸਕਦੀ ਹੈ।
ਇੰਡੀਗੋ ਦੀ ਇਸ ਪੇਸ਼ਕਸ਼ 'ਚ ਅੰਮ੍ਰਿਤਸਰ ਤੋਂ ਸ਼੍ਰੀਨਗਰ, ਦਿੱਲੀ, ਹੈਦਰਾਬਾਦ ਤੇ ਬੇਂਗਲੁਰੂ ਲਈ ਟਿਕਟਾਂ ਉਪਲੱਬਧ ਹਨ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਬੁਕਿੰਗ ਕਰਨ ਵਾਲੇ ਮੁਸਾਫਰਾਂ ਲਈ ਕੰਪਨੀ ਵੱਲੋਂ ਸ਼੍ਰੀਨਗਰ, ਹੈਦਰਾਬਾਦ, ਮੁੰਬਈ ਤੇ ਅਹਿਮਦਾਬਾਦ ਲਈ ਟਿਕਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਪਿਛਲੀ ਵਾਰ ਦੀ ਪੇਸ਼ਕਸ਼ ਨਾਲੋਂ ਕਿਰਾਏ ਵੱਧ ਹਨ। ਉਦਾਹਰਣ ਦੇ ਤੌਰ 'ਤੇ ਇੰਡੀਗੋ ਨੇ ਜੁਲਾਈ 'ਚ ਆਪਣੀ 13ਵੀਂ ਵਰ੍ਹੇਗੰਢ ਦੇ ਮੌਕੇ ਅੰਮ੍ਰਿਤਸਰ-ਦਿੱਲੀ ਦੀ ਟਿਕਟ ਘੱਟੋ-ਘੱਟ 1,999 ਰੁਪਏ 'ਚ ਪੇਸ਼ ਕੀਤੀ ਸੀ। ਉੱਥੇ ਹੀ, ਇੰਡੀਗੋ ਦੀ ਨਵੀਂ ਪੇਸ਼ਕਸ਼ 'ਚ ਸਾਰੇ ਕਿਰਾਏ ਇਕ ਪਾਸੇ ਦੀ ਯਾਤਰਾ ਲਈ ਹਨ ਤੇ ਸੀਟਾਂ ਦੀ ਗਿਣਤੀ ਵੀ ਸੀਮਤ ਹੀ ਹੈ, ਯਾਨੀ ਜਿੰਨੀ ਜਲਦੀ ਬੁਕਿੰਗ ਕਰੋਗੇ ਉਸ ਦਾ ਫਾਇਦਾ ਹੋ ਸਕਦਾ ਹੈ। ਟਿਕਟ ਬੁਕਿੰਗ ਇੰਡੀਗੋ ਦੀ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਹੈ।


Related News