ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ
Monday, Feb 27, 2023 - 01:03 PM (IST)
ਨਵੀਂ ਦਿੱਲੀ/ਮੁੰਬਈ (ਭਾਸ਼ਾ) - ਹਵਾਈ ਕੰਪਨੀਆਂ ਇੰਡੀਗੋ ਅਤੇ ਗੋ ਫਰਸਟ ਦੇ 50 ਤੋਂ ਵੀ ਜ਼ਿਆਦਾ ਜਹਾਜ਼ ਪ੍ਰੈਟ ਐਂਡ ਵ੍ਹਿਟਨੀ (ਪੀ. ਐਂਡ ਡਬਲਿਊ.) ਇੰਜਨ ਦੀ ਸਮੱਸਿਆ ਨਾਲ ਇਨ੍ਹੀਂ ਦਿਨੀਂ ਸੰਚਾਲਨ ਤੋਂ ਬਾਹਰ ਚੱਲ ਰਹੇ ਹਨ। ਇਸ ਦੀ ਵਜ੍ਹਾ ਨਾਲ ਏਅਰਲਾਈਨ ਕੰਪਨੀਆਂ ਨੂੰ ਪੱਟੇ ’ਤੇ ਜਹਾਜ਼ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਬਦਲਾਂ ’ਤੇ ਗੌਰ ਕਰ ਰਹੀ ਹੈ। ਇਨ੍ਹਾਂ ’ਚ ਜਹਾਜ਼ਾਂ ਦੇ ਪੱਟੇ ਦੀ ਮਿਆਦ ਵਧਾਉਣ, ਜਹਾਜ਼ ਨੂੰ ਫਿਰ ਤੋਂ ਬੇੜੇ ’ਚ ਸ਼ਾਮਿਲ ਕਰਨ ਅਤੇ ਚਾਲਕ ਦਲ ਦੇ ਨਾਲ ਜਹਾਜ਼ ਨੂੰ ਪੱਟੇ ’ਤੇ ਲੈਣ ਦੇ ਬਦਲ ਸ਼ਾਮਿਲ ਹਨ। ਦਰਅਸਲ, ਰੂਸ-ਯੂਕ੍ਰੇਨ ਜੰਗ ਦੀ ਵਜ੍ਹਾ ਨਾਲ ਪ੍ਰੈਟ ਐਂਡ ਵ੍ਹਿਟਨੀ ਇੰਜਨ ਦੇ ਕਲਪੁਰਜ਼ਿਆਂ ਦੀ ਸਪਲਾਈ ਇਕ ਸਮੱਸਿਆ ਬਣੀ ਹੋਈ ਹੈ। ਇਸ ਕਾਰਨ ਇੰਜਨਾਂ ਦਾ ਰੱਖ-ਰਖਾਅ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦੀ ਪਾਕਿ ਸਰਕਾਰ ਨੂੰ ਆਫ਼ਰ - ਅੱਤਵਾਦੀਆਂ ਦੇ ਬਣਾਓ ਘਰ ਤੇ ਦਿਓ ਪੈਸੇ, ਤਾਂ ਹੀ ਰੁਕਣਗੇ ਹਮਲੇ
ਲਿਹਾਜ਼ਾ ਕਈ ਜਹਾਜ਼ਾਂ ਨੂੰ ਖਡ਼੍ਹਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਪੀ. ਐਂਡ ਡਬਲਿਊ. ਇੰਜਨ ਦੀ ਸਮੱਸਿਆ ਨਾਲ ਇੰਡੀਗੋ ਅਤੇ ਗੋ ਫਰਸਟ ਏਅਰਲਾਈਨ ਦੇ ਘੱਟ ਤੋਂ ਘੱਟ 25-25 ਜਹਾਜ਼ ਖੜ੍ਹੇ ਰਹਿਣ ਲਈ ਮਜਬੂਰ ਹਨ। ਇੰਜਨ ਬਣਾਉਣ ਵਾਲੀ ਕੰਪਨੀ ਵੀ ਸਪਲਾਈ ਲੜੀ ਨਾਲ ਜੁਡ਼ੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਸਮੇਂ ’ਤੇ ਸਪਲਾਈ ਨਹੀਂ ਕਰ ਪਾ ਰਹੀ ਹੈ। ਜਦੋਂ ਇਸ ਬਾਰੇ ਪ੍ਰੈਟ ਐਂਡ ਵ੍ਹਿਟਨੀ ਕੰਪਨੀ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪ੍ਰਭਾਵਿਤ ਜਹਾਜ਼ਾਂ ਦੀ ਗਿਣਤੀ ਨਹੀਂ ਦੱਸੀ ਪਰ ਇਹ ਕਿਹਾ ਕਿ ਸਾਲ ਦੇ ਅੰਤ ਤੱਕ ਸਪਲਾਈ ਸਬੰਧੀ ਦਬਾਅ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ, 18 ਫ਼ੀਸਦੀ ਡਿੱਗੇ ਸ਼ੇਅਰ
ਉਡਾਣਾਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਰਾਡਾਰ24 ਡਾਟ ਕਾਮ’ ਦੇ ਮੁਤਾਬਕ 26 ਫਰਵਰੀ ਦੀ ਤਾਰੀਕ ’ਚ ਇੰਡੀਗੋ ਦੇ ਕੁਲ 39 ਜਹਾਜ਼ ਸੰਚਾਲਨ ਤੋਂ ਬਾਹਰ ਸਨ। ਇਨ੍ਹਾਂ ’ਚ ਏ-320 ਨਿਓ ਸ਼੍ਰੇਣੀ ਦੇ 28 ਜਹਾਜ਼ ਅਤੇ ਏ-321 ਸ਼੍ਰੇਣੀ ਦੇ 11 ਜਹਾਜ਼ ਸ਼ਾਮਿਲ ਹਨ। ਇੰਡੀਗੋ ਦੇ ਬੇੜੇ ’ਚ 300 ਤੋਂ ਜ਼ਿਆਦਾ ਜਹਾਜ਼ ਹਨ, ਜਿਨ੍ਹਾਂ ਲਈ ਇੰਜਨ ਦੀ ਸਪਲਾਈ ਪੀ. ਐਂਡ ਡਬਲਿਊ. ਅਤੇ ਸੀ. ਐੱਫ. ਐੱਮ. ਕਰਦੀਆਂ ਹਨ। ਉੱਥੇ ਹੀ ਗੋ ਫਰਸਟ ਏਅਰਲਾਈਨ ਦੇ ਬੇੜੇ ’ਚ ਲਗਭਗ 60 ਜਹਾਜ਼ ਹਨ ਅਤੇ ਇਕਲੌਤੀ ਇੰਜਨ ਸਪਲਾਈਕਰਤਾ ਪੀ. ਐਂਡ ਡਬਲਿਊ. ਹੀ ਹੈ। ਇਸ ਸੰਬੰਧ ’ਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਆਪਣੇ ਮੂਲ ਉਪਕਰਣ ਵਿਨਿਰਮਾਤਾ ਭਾਈਵਾਲਾਂ ਦੇ ਸੰਪਰਕ ’ਚ ਹੈ, ਤਾਂ ਕਿ ਉਸ ਦਾ ਉਡਾਣ ਨੈੱਟਵਰਕ ਅਤੇ ਸੰਚਾਲਨ ਦੁਰੁੱਸਤ ਬਣਾ ਰਹੇ ।
ਇਹ ਵੀ ਪੜ੍ਹੋ : ਮਾਰਚ ਮਹੀਨੇ ਇੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀਆਂ ਦੀ ਸੂਚੀ ਦੇਖ ਕੇ ਬਣਾਓ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।