ਇੰਡੀਗੋ ਕੋਲ ਨਹੀਂ ਪਾਇਲਟ, ATR ਜਹਾਜ਼ਾਂ ਦੀ ਟਾਲੀ ਡਲਿਵਰੀ

11/01/2018 2:04:40 PM

ਮੁੰਬਈ— ਇੰਡੀਗੋ ਨੇ ਪਾਇਲਟਾਂ ਦੀ ਕਮੀ ਕਾਰਨ ਏ. ਟੀ. ਆਰ. ਜਹਾਜ਼ਾਂ ਦੀ ਡਲਿਵਰੀ ਟਾਲ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਇੰਡੀਗੋ ਨੇ ਪਹਿਲੀ ਵਾਰ ਇਸ ਤਰ੍ਹਾਂ ਜਹਾਜ਼ਾਂ ਦੀ ਡਲਿਵਰੀ ਨੂੰ ਟਾਲਿਆ ਹੈ। ਬਾਜ਼ਾਰ ਹਿੱਸੇਦਾਰੀ ਦੇ ਲਿਹਾਜ ਨਾਲ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਪਿਛਲੇ ਸਾਲ ਏ. ਟੀ. ਆਰ. ਜਹਾਜ਼ਾਂ ਨੂੰ ਖਰੀਦਣ ਦਾ ਸਮਝੌਤਾ ਕੀਤਾ ਸੀ। ਸਮਝੌਤੇ ਤਹਿਤ ਇੰਡੀਗੋ ਨੂੰ ਸਤੰਬਰ 'ਚ 12 ਜਹਾਜ਼ਾਂ ਦੀ ਡਲਿਵਰੀ ਮਿਲ ਗਈ ਹੈ ਅਤੇ ਜਨਵਰੀ 'ਚ ਉਸ ਨੂੰ 20 ਹੋਰ ਜਹਾਜ਼ਾਂ ਦੀ ਡਲਿਵਰੀ ਮਿਲਣ ਵਾਲੀ ਸੀ।

ਇਕ ਸੂਤਰ ਨੇ ਕਿਹਾ ਕਿ ਕੰਪਨੀ ਨੂੰ ਹਰ ਦੂਜੇ ਮਹੀਨੇ ਇਕ ਅਤੇ ਅਗਲੇ ਮਹੀਨੇ 'ਚ ਦੋ ਜਹਾਜ਼ਾਂ ਦੀ ਡਲਿਵਰੀ ਮਿਲਣੀ ਸੀ ਪਰ ਉਹ ਹੁਣ ਕਾਫੀ ਘੱਟ ਡਲਿਵਰੀ ਲਵੇਗੀ। ਹਾਲਾਂਕਿ ਇਹ ਨਹੀਂ ਪਤਾ ਲੱਗਾ ਕਿ ਇੰਡੀਗੋ ਹੁਣ ਕਿੰਨੇ ਜਹਾਜ਼ ਲੈਣ ਦੀ ਯੋਜਨਾ ਬਣਾ ਰਹੀ ਹੈ। ਇੰਡੀਗੋ ਨੇ ਵੀ ਇਸ 'ਤੇ ਸਪੱਸ਼ਟ ਨਹੀਂ ਕੀਤਾ ਪਰ ਇੰਨਾ ਕਿਹਾ ਕਿ ਜਹਾਜ਼ਾਂ ਦੀ ਡਲਿਵਰੀ 'ਚ ਅਕਸਰ ਬਦਲਾਅ ਹੁੰਦੇ ਰਹਿੰਦੇ ਹਨ।

ਇੰਡੀਗੋ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੰਪਨੀ ਏ. ਟੀ. ਆਰ. ਜਹਾਜ਼ਾਂ ਦੇ ਪਾਇਲਟਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਜਹਾਜ਼ਾਂ ਦੀ ਡਲਿਵਰੀ ਟਾਲੇ ਜਾਣ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਕਿਹਾ ਜਾ ਰਿਹਾ ਹੈ ਕਿ ਏ. ਟੀ. ਆਰ. ਜਹਾਜ਼ਾਂ ਲਈ ਪਾਇਲਟ ਅਤੇ ਖਾਸ ਤੌਰ 'ਤੇ ਕਮਾਂਡਰਸ ਦੀ ਕਮੀ ਇਸ ਲਈ ਵੀ ਹੈ ਕਿਉਂਕਿ ਫ੍ਰਾਂਸਿਸੀ-ਇਟਾਲੀਅਨ ਨਿਰਮਾਣਕਰਤਾ ਕੋਲ ਭਾਰਤ 'ਚ ਇਕ ਸੀਮਤ ਬਾਜ਼ਾਰ ਹਿੱਸੇਦਾਰੀ ਹੈ। ਏ. ਟੀ. ਆਰ. ਨੇ ਭਾਰਤੀ ਹਵਾਬਾਜ਼ੀ ਇੰਡਸਟਰੀ 'ਚ 2003 'ਚ ਪੈਰ ਰੱਖੇ ਸਨ, ਜਦੋਂ ਏਅਰ ਡੈਕਨ ਨੇ ਕੰਪਨੀ ਦੇ ਜਹਾਜ਼ ਖਰੀਦੇ ਸਨ। ਉਦੋਂ ਏਅਰ ਡੈਕਨ ਨੇ ਭਾਰਤ 'ਚ ਕਿਰਾਏ ਸਸਤੇ ਕਰਕੇ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਸੀ।


Related News