ਅਮਰੀਕਾ-ਚੀਨ ਟ੍ਰੇਡ ਵਾਰ ’ਚ ਭਾਰਤੀ ਮੋਬਾਇਲ ਫੋਨ ਕੰਪਨੀਆਂ ਨੂੰ ਹੋ ਰਿਹਾ ਫਾਇਦਾ

08/09/2019 10:59:33 AM

ਨਵੀਂ ਦਿੱਲੀ — ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਦਾ ਫਾਇਦਾ ਭਾਰਤ ਨੂੰ ਮਿਲਣ ਲੱਗਾ ਹੈ। ਅਮਰੀਕੀ ਟੈਲੀਕਾਮ ਕੰਪਨੀਆਂ ਨੇ ਸਮਾਰਟਫੋਨ ਖਰੀਦਣ ਲਈ ਭਾਰਤੀ ਮੋਬਾਇਲ ਬਰਾਂਡਸ ਨੂੰ 2500 ਕਰੋਡ਼ ਰੁਪਏ ਦਾ ਆਰਡਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ’ਚ ਪ੍ਰਮੁੱਖ ਅਮਰੀਕੀ ਕੰਪਨੀ ਏ. ਟੀ. ਐਂਡ ਟੀ. ਦੇ ਨਾਲ ਟੀ. ਮੋਬਾਇਲ ਅਤੇ ਸਿੰਪ੍ਰਟ ਸ਼ਾਮਲ ਹਨ। ਹੁਣ ਤੱਕ ਇਹ ਕੰਪਨੀਆਂ ਚੀਨ ਤੋਂ ਡਿਵਾਈਸ ਖਰੀਦਦੀਆਂ ਸਨ ਅਤੇ ਫਿਰ ਇਨ੍ਹਾਂ ਡਿਵਾਈਸਿਜ਼ ’ਚ ਆਪਣੇ ਪ੍ਰੋਡਕਟਸ ਜੋੜ ਕੇ ਵੇਚਦੀਆਂ ਸਨ। ਹੁਣ ਇਹ ਕੰਪਨੀਆਂ ਭਾਰਤੀ ਬਰਾਂਡ ਲਾਵਾ ਅਤੇ ਮਾਈਕ੍ਰੋਮੈਕਸ ਤੋਂ ਡਿਵਾਈਸਿਜ਼ ਖਰੀਦਣਗੀਆਂ। ਭਾਰਤੀ ਕੰਪਨੀਆਂ ਨੂੰ ਇਨ੍ਹਾਂ ਆਰਡਰਾਂ ਤਹਿਤ 200 ਡਾਲਰ ਤੋਂ ਘੱਟ ਕੀਮਤ ਵਾਲੇ ਡਿਵਾਈਸ ਤਿਆਰ ਕਰਨੇ ਹੋਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕੀ ਕੰਪਨੀਆਂ ਚੀਨ ਤੋਂ ਡਿਵਾਈਸ ਨਾ ਲੈ ਕੇ ਭਾਰਤ ਤੋਂ ਲੈਣਗੀਆਂ।

ਭਾਰਤੀ ਕੰਪਨੀਆਂ ਲਈ ਰਾਹਤ ਦੀ ਗੱਲ

ਮੀਡੀਆ ਰਿਪੋਟਰਾਂ ਮੁਤਾਬਕ ਅਮਰੀਕੀ ਕੰਪਨੀਆਂ ਵੱਲੋਂ ਇਹ ਆਫਰ ਮਿਲਣ ਤੋਂ ਬਾਅਦ ਭਾਰਤੀ ਕੰਪਨੀਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਭਾਰਤੀ ਬਾਜ਼ਾਰ ’ਚ ਸ਼ਿਓਮੀ, ਓਪੋ ਅਤੇ ਵੀਵੋ ਵਰਗੇ ਚੀਨੀ ਸਮਾਰਟਫੋਨ ਅਤੇ ਕੋਰੀਆ ਦੇ ਸੈਮਸੰਗ ਮੋਬਾਇਲ ਦੀ ਵਧਦੀ ਧਮਕ ਕਾਰਣ ਦੋਵਾਂ ਕੰਪਨੀਆਂ ਦੇ ਮਾਲੀਏ ’ਚ ਤੇਜ਼ੀ ਨਾਲ ਗਿਰਾਵਟ ਆਈ ਸੀ। 2015 ’ਚ ਦੋਵਾਂ ਕੰਪਨੀਆਂ ਦਾ ਮਾਰਕੀਟ ਸ਼ੇਅਰ 40 ਫ਼ੀਸਦੀ ਤੋਂ ਜ਼ਿਆਦਾ ਸੀ, ਜੋ ਹੁਣ 3 ਫ਼ੀਸਦੀ ਤੋਂ ਵੀ ਘੱਟ ਰਹਿ ਗਿਆ ਹੈ। ਅਮਰੀਕੀ ਕੰਪਨੀਆਂ ਦੇ ਆਰਡਰ ’ਚੋਂ ਤਕਰੀਬਨ 2000 ਕਰੋਡ਼ ਰੁਪਏ ਦਾ ਆਰਡਰ ਲਾਵਾ ਮੋਬਾਇਲ ਅਤੇ 500 ਕਰੋਡ਼ ਰੁਪਏ ਦਾ ਆਰਡਰ ਮਾਈਕ੍ਰੋਮੈਕਸ ਨੂੰ ਮਿਲਿਆ ਹੈ। ਕੰਟਰੈਕਟ ਤਹਿਤ ਇਨ੍ਹਾਂ ਡਿਵਾਈਸਿਜ਼ ’ਤੇ ਅਮਰੀਕੀ ਕੰਪਨੀਆਂ ਦੇ ਨਾਂ ਨਾਲ ਬਰਾਂਡਿੰਗ ਕੀਤੀ ਜਾਵੇਗੀ।

250 ਕੰਪਨੀਆਂ ਵੇਖ ਰਹੀਆਂ ਹਨ ਭਾਰਤ ਵੱਲ

ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ, ਜਾਪਾਨ, ਤਾਈਵਾਨ ਅਤੇ ਕੋਰੀਆ ਦੀਆਂ ਤਕਰੀਬਨ 250 ਕੰਪਨੀਆਂ ਇਸ ਟ੍ਰੇਡ ਵਾਰ ਕਾਰਣ ਚੀਨ ਤੋਂ ਭਾਰਤ ਸ਼ਿਫਟ ਹੋਣ ਬਾਰੇ ਵਿਚਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵੱਲੋਂ ਬਣਾਈ ਗਈ ਇਕ ਕਮੇਟੀ ਅਜਿਹੇ ਰਸਤਿਆਂ ਨੂੰ ਤਲਾਸ਼ ਰਹੀ ਹੈ, ਜਿਨ੍ਹਾਂ ਰਾਹੀਂ ਭਾਰਤ ’ਚ ਇਲੈਕਟ੍ਰਾਨਿਕ ਮੈਨੂਫੈਕਚਰਿੰਗ ਨੂੰ ਉਤਸ਼ਾਹ ਮਿਲ ਸਕੇ ਅਤੇ ਦੇਸ਼ ਨੂੰ ਵੀਅਤਨਾਮ ਵਾਂਗ ਮੈਨੂਫੈਕਚਰਿੰਗ ਡੈਸਟੀਨੇਸ਼ਨ ਬਣਾਇਆ ਜਾ ਸਕੇ।


Related News