ਸਾਲ 2022-23 ’ਚ 7.6 ਫੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ : ਇੰਡੀਆ ਰੇਟਿੰਗਸ
Thursday, Jan 20, 2022 - 07:01 PM (IST)
ਮੁੰਬਈ (ਭਾਸ਼ਾ) – ਭਾਰਤੀ ਅਰਥਵਿਵਸਥਾ ਅਗਲੇ ਵਿੱਤੀ ਸਾਲ 2022-23 ’ਚ 7.6 ਫੀਸਦੀ ਦੀ ਦਰ ਨਾਲ ਵਧੇਗੀ। ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਇਹ ਅਨੁਮਾਨ ਲਗਾਇਆ ਹੈ। ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਲਗਭਗ ਦੋ ਸਾਲ ਦੇ ਵਕਫੇ ਮਗਰੋਂ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਅਰਥਪੂਰਨ ਵਿਸਤਾਰ ਹੋਵੇਗਾ। 2022-23 ’ਚ ਅਸਲ ਜੀ. ਡੀ. ਪੀ. ਦੇ 2019-20 (ਕੋਵਿਡ ਤੋਂ ਪਹਿਲਾਂ ਦੇ ਪੱਧਰ) ਤੋਂ 9.1 ਫੀਸਦੀ ਵੱਧ ਰਹਿਣ ਦਾ ਅਨੁਮਾਨ ਹੈ।
ਇੰਡੀਆ ਰੇਟਿੰਗਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦਾ ਆਕਾਰ ਜੀ. ਡੀ. ਪੀ. ਦੇ ਰੁਝਾਨ ਮੁੱਲ ਤੋਂ 10.2 ਫੀਸਦੀ ਘੱਟ ਰਹੇਗਾ। ਇਸ ਕਮੀ ’ਚ ਮੁੱਖ ਯੋਗਦਾਨ ਨਿੱਜੀ ਖਪਤ ਅਤੇ ਨਿਵੇਸ਼ ਮੰਗ ਦੀ ਗਿਰਾਵਟ ਦਾ ਰਹੇਗਾ। ਕੁੱਲ ਗਿਰਾਵਟ ’ਚ ਨਿੱਜੀ ਖਪਤ ਦਾ ਹਿੱਸਾ 43.4 ਫੀਸਦੀ ਅਤੇ ਨਿਵੇਸ਼ ਮੰਗ ਦਾ ਹਿੱਸਾ 21 ਫੀਸਦੀ ਰਹੇਗਾ। ਇਸ ਤੋਂ ਪਹਿਲਾਂ ਇਸੇ ਮਹੀਨੇ ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਜੀ. ਡੀ. ਪੀ. ’ਤੇ ਆਪਣੇ ਪਹਿਲੇ ਪੇਸ਼ਗੀ ਅਨੁਮਾਨ ’ਚ ਕਿਹਾ ਸੀ ਕਿ 2021-22 ’ਚ ਆਰਥਿਕ ਵਾਧਾ ਦਰ 9.2 ਫੀਸਦੀ ਰਹੇਗੀ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਅਰਥਵਿਵਸਥਾ ’ਚ 7.3 ਫੀਸਦੀ ਦੀ ਗਿਰਾਵਟ ਆਈ ਸੀ।