ਇੰਡੀਅਨ ਬੈਂਕ ਸੁਰੱਖਿਅਤ ਵੈੱਬ ਪੋਰਟਲ ’ਤੇ ਹੋਇਆ ਤਬਦੀਲ
Saturday, Sep 06, 2025 - 11:05 PM (IST)

ਚੇਨਈ (ਭਾਸ਼ਾ)-ਜਨਤਕ ਖੇਤਰ ਦੇ ਇੰਡੀਅਨ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਆਪਣੀ ਕਾਰਪੋਰੇਟ ਵੈੱਬਸਾਈਟ ਦਾ ਡੋਮੇਨ ਬਦਲ ਕੇ ‘ਇੰਡੀਅਨ ਬੈਂਕ ਡਾਟ ਬੈਂਕ ਡਾਟ ਇਨ’ ਕਰ ਦਿੱਤਾ ਹੈ। ਪੂਰੀ ਕਵਾਇਦ ਦਾ ਮਕਸਦ ਧੋਖਾਦੇਹੀ ਦੇ ਖਿਲਾਫ ਮਜ਼ਬੂਤ ਸੁਰੱਖਿਆ ਉਪਾਅ ਕਰਨਾ ਅਤੇ ਡਿਜੀਟਲ ਬੈਂਕਿੰਗ ਹੱਲਾਂ ’ਚ ਜਨਤਾ ਦਾ ਭਰੋਸਾ ਵਧਾਉਣਾ ਹੈ।
ਚੇਨਈ ਸਥਿਤ ਇਸ ਬੈਂਕ ਨੇ ਬੈਂਕਿੰਗ ਤਕਨੀਕੀ ਵਿਕਾਸ ਅਤੇ ਖੋਜ ਸੰਸਥਾਨ (ਆਈ. ਡੀ. ਆਰ. ਬੀ. ਟੀ.) ਦੇ ਤਹਿਤ ਇਹ ਪਹਿਲ-ਕਦਮੀ ਕੀਤੀ ਹੈ, ਜੋ ਇਸ ਡੋਮੇਨ ਦਾ ਵਿਸ਼ੇਸ਼ ਰਜਿਸਟਰਾਰ ਹੈ। ਬੈਂਕ ਨੇ ਕਿਹਾ, ‘‘ਬੈਂਕ ਡਾਟ ਇਨ’ ਡੋਮੇਨ ਵਿਸ਼ੇਸ਼ ਤੌਰ ’ਤੇ ਬੈਂਕਾਂ ਲਈ ਰਾਖਵਾਂ ਹੈ ਅਤੇ ਧੋਖਾਦੇਹੀ ਨਾਲ ਨਜਿੱਠਣ, ਸਾਈਬਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ, ਡਿਜੀਟਲ ਬੈਂਕਿੰਗ ’ਚ ਜਨਤਾ ਦਾ ਭਰੋਸਾ ਵਧਾਉਣ ਅਤੇ ਗਾਹਕਾਂ ਨੂੰ ਅਸਲੀ ਬੈਂਕਿੰਗ ਵੈੱਬਸਾਈਟਾਂ ਦੀ ਪਛਾਣ ਕਰਨ ’ਚ ਮਦਦ ਕਰਦਾ ਹੈ।’’
ਬਿਆਨ ’ਚ ਕਿਹਾ ਗਿਆ ਕਿ ਬੈਂਕ ਨੇ ਗਾਹਕਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਡਿਜੀਟਲ ਬੈਂਕਿੰਗ ਹੱਲਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਵੈੱਬਸਾਈਟ ਨੂੰ ਇਕ ਸੁਰੱਖਿਅਤ ਡੋਮੇਨ ’ਤੇ ਤਬਦੀਲ ਕਰ ਦਿੱਤਾ ਹੈ।