‘ਹੁਣ ਭਾਰਤ ’ਚ ਵੀ ਹੋਵੇਗਾ ਸੈਮੀਕੰਡਕਟਰ ਚਿੱਪ ਦਾ ਉਤਪਾਦਨ, ਤਾਈਵਾਨ ਨਾਲ ਹੋ ਸਕਦੀ ਹੈ ਮੈਗਾ ਡੀਲ’

Tuesday, Sep 28, 2021 - 10:46 AM (IST)

‘ਹੁਣ ਭਾਰਤ ’ਚ ਵੀ ਹੋਵੇਗਾ ਸੈਮੀਕੰਡਕਟਰ ਚਿੱਪ ਦਾ ਉਤਪਾਦਨ, ਤਾਈਵਾਨ ਨਾਲ ਹੋ ਸਕਦੀ ਹੈ ਮੈਗਾ ਡੀਲ’

ਨਵੀਂ ਦਿੱਲੀ (ਇੰਟ.) – ਪੂਰੀ ਦੁਨੀਆ ਸੈਮੀਕੰਡਕਟਰ ਚਿੱਪ ਦੀ ਕਮੀ ਨਾਲ ਜੂਝ ਰਹੀ ਹੈ। ਦੁਨੀਆ ਭਰ ਦੇ ਨਾਲ-ਨਾਲ ਭਾਰਤ ’ਚ ਇਸ ਕਾਰਨ ਕਾਰ, ਮੋਬਾਇਲ ਫੋਨ ਅਤੇ ਦੂਜੇ ਤਕਨਾਲੋਜੀ ਪ੍ਰੋਡਕਟ ਦੇ ਉਤਪਾਦਨ ’ਤੇ ਅਸਰ ਪਿਆ ਹੈ। ਭਾਰਤ ਹੁਣ ਇਸ ਸਮੱਸਿਆ ਨੂੰ ਦੂਰ ਕਰਨ ਲਈ ਤਾਈਵਾਨ ਨਾਲ ਮੈਗਾ ਡੀਲ ਕਰਨ ਦੀ ਤਿਆਰੀ ’ਚ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤ ਅਤੇ ਤਾਈਵਾਨ ਦੇ ਅਧਿਕਾਰੀਆਂ ਨੇ ਹਾਲ ਹੀ ਦੇ ਹਫਤਿਆਂ ’ਚ ਇਕ ਸੌਦੇ ’ਤੇ ਚਰਚਾ ਲਈ ਮੁਲਾਕਾਤ ਕੀਤੀ ਹੈ, ਜਿਸ ਦੇ ਤਹਿਤ 7.5 ਅਰਬ ਡਾਲਰ ਦੀ ਲਾਗਤ ਨਾਲ ਭਾਰਤ ’ਚ ਚਿੱਪ ਪਲਾਂਟ ਸਥਾਪਿਤ ਕੀਤਾ ਜਾਏਗਾ, ਜਿਸ ’ਚ 5ਜੀ ਉਪਕਰਨਾਂ ਤੋਂ ਲੈ ਕੇ ਇਲੈਕਟ੍ਰਿਕ ਕਾਰ ਤੱਕ ਦੀ ਸਪਲਾਈ ਹੋਵੇਗੀ।

ਇਹ ਵੀ ਪੜ੍ਹੋ : ਯੂਕੇ ਵਿੱਚ ਡੀਜ਼ਲ-ਪੈਟਰੋਲ ਦੀ ਭਾਰੀ ਕਿੱਲਤ, ਪੰਪਾਂ 'ਤੇ ਲੱਗੀਆਂ ਕਿੱਲੋਮੀਟਰਾਂ ਤੱਕ ਲੰਮੀਆਂ ਲਾਈਨਾਂ

ਸੈਮੀਕੰਡਕਟਰ ਚਿੱਪ ਦੀ ਕੌਮਾਂਤਰੀ ਕਮੀ ਕਾਰਨ ਕਈ ਦੇਸ਼ ਅਤੇ ਮਲਟੀਨੈਸ਼ਨਲ ਕੰਪਨੀਆਂ ਚਿੰਤਤ ਹਨ ਕਿਉਂਕਿ ਇਸ ਨੇ ਉਤਪਾਦਨ ਅਤੇ ਵਿਕਰੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਹਾਲ ਹੀ ’ਚ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ। ਸੈਮੀਕੰਡਕਟਰਸ ਜਾਂ ਚਿੱਪ ਬਾਜ਼ਾਰ ’ਚ ਤਾਈਵਾਨ ਦੀ ਵੱਡੀ ਹਿੱਸੇਦਾਰੀ ਹੈ। ਸਿਲੀਕਾਨ ਨਾਲ ਬਣੇ ਚਿੱਪ ਦਾ ਇਸਤੇਮਾਲ ਕੰਪਿਊਟਰ, ਲੈਪਟਾਪ, ਟੀ. ਵੀ., ਸਮਾਰਟਫੋਨ, ਕਾਰ, ਫਰਿੱਜ਼, ਘਰਪ ’ਚ ਮੌਜੂਦਾ ਕਈ ਉਪਕਰਨਾਂ ’ਚ ਹੁੰਦਾ ਹੈ।


ਛੋਟੇ ਆਕਾਰ ਦੇ ਇਹ ਚਿੱਪ ਕਿਸੇ ਵੀ ਉਪਕਰਨ ਨੂੰ ਚਲਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਵੇਂ ਡਾਟਾ ਟ੍ਰਾਂਸਫਰ ਅਤੇ ਪਾਵਰ ਡਿਸਪਲੇ। ਇਕ ਤਰੀਕੇ ਨਾਲ ਇਹ ਕਿਸੇ ਵੀ ਉਪਕਰਨ ਨੂੰ ਚਲਾਉਣ ਦਾ ਕੰਮ ਕਰਦੇ ਹਨ। ਚਿੱਪ ਦੀ ਕਮੀ ਕਾਰਨ ਕਾਰਾਂ, ਫਰਿੱਜ਼, ਲੈਪਟਾਪ, ਟੀ. ਵੀ. ਅਤੇ ਦੂਜੇ ਇਲੈਕਟ੍ਰਾਨਿਕ ਸਾਮਾਨ ਦੀ ਵਿਕਰੀ ’ਤੇ ਵੀ ਅਸਰ ਪਿਆ। ਇਨ੍ਹਾਂ ਚਿੱਪਸ ਦਾ ਉਤਪਾਦਨ ਵਧਾਉਣਾ ਛੋਟੇ ਨੋਟਿਸ ’ਤੇ ਸੰਭਵ ਨਹੀਂ ਹੁੰਦਾ ਹੈ। ਇਸ ਨੂੰ ਬਣਾਉਣਾ ਇਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ’ਚ ਮਹੀਨਿਆਂ ਬੱਧੀ ਲਗਦੇ ਹਨ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਬਲੂਮਬਰਗ ਦੀ ਰਿਪੋਰਟ ਮੁਤਾਬਤ ਤਾਈਵਾਨ ਸੈਮੀਕੰਡਕਟਰ ਮੈਨਿਊਫੈਕਚਰਿੰਗ ਕਾਰਪੋਰੇਸ਼ਨ (ਟੀ. ਐੱਸ. ਐੱਮ. ਸੀ.) ਦੁਨੀਆ ਦਾ ਸਭ ਤੋਂ ਵੱਡਾ ਚਿੱਪ ਨਿਰਮਾਤਾ ਹੈ। ਇਸ ਦੇ ਗਾਹਕਾਂ ’ਚ ਕੁਆਲਕਾਮ, ਐਨਵੀਡੀਆ ਅਤੇ ਐਪਲ ਵਰਗੀਆਂ ਕੰਪਨੀਆਂ ਸ਼ਾਮਲ ਹਨ। ਚਿੱਪ ਨਿਰਮਾਣ ’ਚ ਇਸ ਦੀ ਹਿੱਸੇਦਾਰੀ 56 ਫੀਸਦੀ ਹੈ। ਕੋਵਿਡ ਮਹਾਮਾਰੀ ਦੌਰਾਨ ਇਲੈਕਟ੍ਰਾਨਿਕ ਡਿਵਾਈਸ ਦੀ ਵਿਕਰੀ ’ਚ ਵਾਧੇ ਕਾਰਨ ਸੈਮੀਕੰਡਕਟਰ ਦੀ ਮੰਗ ਕਾਫੀ ਵਧ ਗਈ ਪਰ ਸਿਰਫ ਕੋਵਿਡ-19 ਹੀ ਇਕ ਇਸ ਦੀ ਕਮੀ ਦਾ ਕਾਰਨ ਨਹੀਂ ਹੈ।

ਅਮਰੀਕਾ ਅਤੇ ਚੀਨ ਦਰਮਿਆਨ ਤਨਾਅ ਵੀ ਫੈਕਟਰ

ਅਮਰੀਕਾ ਅਤੇ ਚੀਨ ਦਰਮਿਆਨ ਤਨਾਅ ਵੀ ਇਸ ’ਚ ਬਹੁਤ ਵੱਡਾ ਫੈਕਟਰ ਹੈ। ਕਿਉਂਕਿ ਕਈ ਅਮਰੀਕੀ ਕੰਪਨੀਆਂ ਚੀਨੀ ਕੰਪਨੀਆਂ ਨਾਲ ਬਿਜ਼ਨੈੱਸ ਕਰਦੀਆਂ ਹਨ। ਉਦਾਹਰਣ ਵਜੋਂ ਅਮਰੀਕੀ ਚਿੱਪ ਨਿਰਮਾਤਾਵਾਂ ਨੂੰ ਸਪਲਾਈ ਕਰਨ ਵਾਲੀ ਕੰਪਨੀ ਹੁਵਾਵੇਈ ਨੂੰ ਅਮਰੀਕੀ ਸਰਕਾਰ ਨੇ ਬਲੈਕ ਲਿਸਟ ਕਰ ਦਿੱਤਾ ਹੈ, ਇਸ ਲਈ ਹੁਣ ਮੰਗ ਨੂੰ ਪੂਰਾ ਕਰਨ ’ਚ ਲੰਮੀ ਸਮਾਂ ਲੱਗ ਸਕਦਾ ਹੈ।

ਮਈ ’ਚ ਗਾਰਟਨਰ ਵਲੋਂ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਸਾਰੀਆਂ ਡਿਵਾਈਸਿਜ਼ ’ਚ ਇਸਤੇਮਾਲ ਹੋਣ ਵਾਲੇ ਚਿੱਪ ਦੀ ਕਿੱਲਤ 2022 ਦੀ ਦੂਜੀ ਤਿਮਾਹੀ ਤੱਕ ਰਹਿ ਸਕਦੀ ਹੈ। ਅਗਸਤ ’ਚ ਸੈਮੀਕੰਡਕਟਰ ਦੇ ਆਰਡਰ ਅਤੇ ਡਲਿਵਰੀ ਦੇ ਦਰਮਿਆਨ ਦਾ ਅੰਤਰ ਜੁਲਾਈ ’ਚ 6 ਹਫਤਿਆਂ ਦੇ ਮੁਕਾਬਲੇ ਵਧ ਕੇ 21 ਹਫਤੇ ਹੋ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਆਟੋਮੋਬਾਇਲ ਥੋਕ ਵਿਕਰੀ ’ਚ 11 ਫੀਸਦੀ ਦੀ ਗਿਰਾਵਟ

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਰਜ਼ (ਸਿਆਮ) ਨੇ ਇਸ ਮਹੀਨੇ ਕਿਹਾ ਸੀ ਕਿ ਆਟੋਮੋਬਾਇਲ ਉਦਯੋਗ ’ਚ ਸੈਮੀਕੰਡਕਟਰ ਦੀ ਕਮੀ ਕਾਰਨ ਉਤਪਾਦਨ ਸਰਗਰਮੀਆਂ ਪ੍ਰਭਾਵਿਤ ਹੋਈਆਂ ਹਨ, ਇਸ ਕਾਰਨ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਅਗਸਤ ’ਚ ਆਟੋਮੋਬਾਇਲ ਥੋਕ ਵਿਕਰੀ ’ਚ 11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸੈਮੀਕੰਡਕਟਰ ਦੀ ਕਮੀ ਕਾਰਨ ਸਤੰਬਰ ’ਚ ਮਾਰੂਤੀ ਸੁਜ਼ੂਕੀ ਦੇ ਉਤਪਾਦਨ ’ਚ 60 ਫੀਸਦੀ ਦੀ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਸੈਮੀਕੰਡਕਟਰ ਦੀ ਕਮੀ ਕਾਰਨ ਉਹ ਸਤੰਬਰ ’ਚ 20-25 ਫੀਸਦੀ ਉਤਪਾਦਨ ਘਟਾਏਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਅਮਰੀਕਾ ਦੌਰ ’ਤੇ ਕੁਆਲਕਾਮ ਦੇ ਸੀ. ਈ. ਓ. ਕ੍ਰਿਸਿਟਆਨੋ ਈ ਓਮਾਨ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ’ਚ ਮੁਹੱਈਆ ਵਿਆਪਕ ਕਾਰੋਬਾਰੀ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਸੈਨਡਿਆਗੋ ਦੀ ਇਹ ਕੰਪਨੀ ਸੈਮੀਕੰਡਕਟਰ, ਸਾਫਟਵੇਅਰ ਬਣਾਉਣ ਦੇ ਨਾਲ ਵਾਇਰਲੈੱਸ ਤਕਨਾਲੋਜੀ ਨਾਲ ਸਬੰਧਤ ਸੇਵਾਵਾਂ ਦਿੰਦੀ ਹੈ। ਭਾਰਤ ਕੁਆਲਕਾਮ ਤੋਂ ਵੱਡੇ ਪੱਧਰ ’ਤੇ ਨਿਵੇਸ਼ ਚਾਹੁੰਦਾ ਹੈ।

ਇਹ ਵੀ ਪੜ੍ਹੋ : ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News