ਭਾਰਤ ਨੇ 40,000 ਟਨ ਡੀਜ਼ਲ ਦੀ ਇਕ ਹੋਰ ਖੇਪ ਸ਼੍ਰੀਲੰਕਾ ਭੇਜੀ

Wednesday, Jun 01, 2022 - 05:35 PM (IST)

ਭਾਰਤ ਨੇ 40,000 ਟਨ ਡੀਜ਼ਲ ਦੀ ਇਕ ਹੋਰ ਖੇਪ ਸ਼੍ਰੀਲੰਕਾ ਭੇਜੀ

ਕੋਲੰਬੋ–ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ 40,000 ਟਨ ਡੀਜ਼ਲ ਦੀ ਇਕ ਹੋਰ ਖੇਪ ਸ਼੍ਰੀਲੰਕਾ ਨੂੰ ਭੇਜੀ ਹੈ। ਗੁਆਂਢੀ ਦੇਸ਼ ਸ਼੍ਰੀਲੰਕਾ ਬੇਹੱਦ ਮੁਸ਼ਕਲ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਉੱਥੇ ਲੋਕਾਂ ਨੂੰ ਈਂਧਨ ਦੀ ਵਧੇਰੇ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਭਾਰਤ ਨੇ ਸ਼੍ਰੀਲੰਕਾ ਨੂੰ ਈਂਧਨ ਦੀ ਦਰਾਮਦ ਕਰਨ ਲਈ ਵਾਧੂ 50 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਦੇਣ ਦਾ ਐਲਾਨ ਕੀਤਾ ਸੀ। ਇਸ ਰਕਮ ਦਾ ਇਸਤੇਮਾਲ ਸ਼੍ਰੀਲੰਕਾ ਨੂੰ ਈਂਧਨ ਸਪਲਾਈ ਲਈ ਕੀਤਾ ਜਾਣਾ ਹੈ। ਸ਼੍ਰੀਲੰਕਾ ਜ਼ਰੂਰੀ ਵਸਤਾਂ ਦੀ ਇੰਪੋਰਟ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ ਕਿਉਂਕਿ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਬੇਹੱਦ ਘਟ ਗਿਆ ਹੈ। ਇਸ ਕਾਰਨ ਉਸ ਦੀ ਮੁਦਰਾ ਦੀ ਕੀਮਤ ਘਟ ਗਈ ਹੈ ਅਤੇ ਮਹਿੰਗਾਈ ਬਹੁਤ ਵਧ ਗਈ ਹੈ। ਭਾਰਤ ਨੇ ਬੀਤੀ 23 ਮਈ ਨੂੰ ਸ਼੍ਰੀਲੰਕਾ ਨੂੰ ਕਰੀਬ 40,000 ਟਨ ਪੈਟਰੋਲ ਭੇਜਿਆ ਸੀ।
ਭਾਰਤੀ ਹਾਈ ਕਮਿਸ਼ਨ ਨੇ ਟਵਿਟਰ ’ਤੇ ਇਕ ਸੰਦੇਸ਼ ’ਚ ਕਿਹਾ ਕਿ ਭਾਰਤ ਵਲੋਂ ਮਦਦ ਦੇ ਤਹਿਤ 40,000 ਟਨ ਡੀਜ਼ਲ ਦੀ ਖੇਪ ਸੋਮਵਾਰ ਸ਼ਾਮ ਨੂੰ ਕੋਲੰਬੋ ਪਹੁੰਚੀ। ਗੁਆਂਢੀ ਦੇਸ਼ ਨੂੰ ਪੈਟਰੋਲੀਅਮ ਉਤਪਾਦਾਂ ਦੀ ਖਰੀਦ ਲਈ 50 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਦੇਣ ਲਈ ਦੋ ਫਰਵਰੀ 2022 ਨੂੰ ਭਾਰਤ ਨੇ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਭਾਰਤ ਦੇ ਸਹਿਯੋਗ ਨਾਲ ਮਾਰਚ ਅਤੇ ਅਪ੍ਰੈਲ ’ਚ ਸ਼੍ਰੀਲੰਕਾ ਨੂੰ ਵੱਖ-ਵੱਖ ਕਿਸਮ ਦੇ ਲਗਭਗ400,000 ਟਨ ਈਂਧਨ ਦੀ ਸਪਲਾਈ ਕੀਤੀ ਗਈ ਹੈ।


author

Aarti dhillon

Content Editor

Related News