ਭਾਰਤ ਦਾ ਵੀਜ਼ਾ ਸਿਸਟਮ ਹੋਇਆ ਬੇਹੱਦ ਆਸਾਨ, 13 ਤੋਂ ਘਟਾ ਕੇ 9 ਕੀਤੀਆਂ ਗਈਆਂ ਮੁੱਖ ਸ਼੍ਰੇਣੀਆਂ
Thursday, Nov 12, 2026 - 01:27 AM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਲਈ ਭਾਰਤ ਆਉਣ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਦੇ ਮਕਸਦ ਨਾਲ ਵੀਜ਼ਾ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਮੁੱਖ ਭਾਰਤੀ ਵੀਜ਼ਾ ਸ਼੍ਰੇਣੀਆਂ (ਕੈਟੇਗਰੀਆਂ) ਦੀ ਗਿਣਤੀ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ (ਸਬ-ਕੈਟੇਗਰੀਆਂ) ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵੀਜ਼ਾ ਫਾਰਮ ਵਿੱਚ ਭਰੇ ਜਾਣ ਵਾਲੇ ਵੇਰਵਿਆਂ ਅਤੇ ਸਵਾਲਾਂ ਦੀ ਗਿਣਤੀ ਵਿੱਚ ਵੀ 65 ਤੋਂ 70 ਫ਼ੀਸਦੀ ਤੱਕ ਦੀ ਵੱਡੀ ਕਟੌਤੀ ਕੀਤੀ ਗਈ ਹੈ।
ਗ੍ਰਹਿ ਮੰਤਰਾਲੇ ਅਨੁਸਾਰ ਇਨ੍ਹਾਂ ਸੁਧਾਰਾਂ ਦਾ ਮੁੱਖ ਉਦੇਸ਼ ਵੀਜ਼ਾ ਪ੍ਰਣਾਲੀ ਨੂੰ ਵਧੇਰੇ ਬਿਹਤਰ ਬਣਾਉਣਾ ਅਤੇ ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੀਆਂ ਲੋੜਾਂ ਅਨੁਸਾਰ ਢਾਲਣਾ ਹੈ। ਭਾਰਤੀ ਵੀਜ਼ਾ ਵਿਵਸਥਾ ਨੂੰ ਸਰਲ ਬਣਾਉਣ ਸਮੇਂ ਸਰਕਾਰ ਵੱਲੋਂ ਵਿਕਸਿਤ ਦੇਸ਼ਾਂ ਦੀਆਂ ਵੀਜ਼ਾ ਪ੍ਰਣਾਲੀਆਂ ਅਤੇ ਅੰਤਰਰਾਸ਼ਟਰੀ ਮਿਆਰਾਂ ਦਾ ਵਿਸ਼ੇਸ਼ ਅਧਿਐਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਵੀ ਮੁੱਖ ਸ਼੍ਰੇਣੀਆਂ 22 ਤੋਂ ਘਟਾ ਕੇ 13 ਅਤੇ ਉਪ-ਸ਼੍ਰੇਣੀਆਂ 63 ਤੋਂ ਘਟਾ ਕੇ 49 ਕੀਤੀਆਂ ਗਈਆਂ ਸਨ।
ਨਵੇਂ ਨਿਯਮਾਂ ਤਹਿਤ ਹੁਣ ਤੱਕ 'ਟੂਰਿਸਟ ਵੀਜ਼ਾ' ਵਜੋਂ ਜਾਣੀ ਜਾਂਦੀ ਸ਼੍ਰੇਣੀ ਦਾ ਨਾਂ ਬਦਲ ਕੇ 'ਵਿਜ਼ੀਟਰ ਵੀਜ਼ਾ' ਕਰ ਦਿੱਤਾ ਗਿਆ ਹੈ, ਤਾਂ ਜੋ ਪਰੰਪਰਾਗਤ ਸੈਰ-ਸਪਾਟੇ ਤੋਂ ਇਲਾਵਾ ਯਾਤਰਾ ਦੇ ਹੋਰ ਮਕਸਦਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਸ਼੍ਰੇਣੀ ਨੂੰ ਹੁਣ ਦੋ ਉਪ-ਸ਼੍ਰੇਣੀਆਂ (V-1 ਅਤੇ V-2) ਵਿੱਚ ਵੰਡਿਆ ਗਿਆ ਹੈ। ਮੌਜੂਦਾ ਸਮੇਂ 172 ਦੇਸ਼ਾਂ ਦੇ ਨਾਗਰਿਕਾਂ ਲਈ ਈ-ਵੀਜ਼ਾ ਦੀ ਸੁਵਿਧਾ ਉਪਲਬਧ ਹੈ।
ਬਿਜ਼ਨੈਸ, ਸਟੂਡੈਂਟ ਅਤੇ ਮੈਡੀਕਲ ਵੀਜ਼ਾ 'ਚ ਵੀ ਵੱਡੇ ਸੁਧਾਰ
ਬਿਜ਼ਨੈਸ ਵੀਜ਼ਾ: ਵਪਾਰਕ ਵੀਜ਼ਾ ਸ਼੍ਰੇਣੀ ਨੂੰ B-1 ਅਤੇ B-2 ਦੋ ਉਪ-ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। B-1 ਵੀਜ਼ਾ ਤਹਿਤ ਲਾਇਸੈਂਸ ਦੇ ਆਧਾਰ 'ਤੇ ਲੰਮੇ ਸਮੇਂ ਲਈ ਕੀਤੀਆਂ ਜਾਣ ਵਾਲੀਆਂ ਕਾਰੋਬਾਰੀ ਗਤੀਵਿਧੀਆਂ ਅਤੇ ਭਾਰਤ ਵਿੱਚ ਉਦਯੋਗਿਕ ਜਾਂ ਵਪਾਰਕ ਅਦਾਰੇ ਸਥਾਪਿਤ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਸਟੂਡੈਂਟ ਵੀਜ਼ਾ: ਵਿਦਿਆਰਥੀ ਵੀਜ਼ਾ ਸ਼੍ਰੇਣੀ ਨੂੰ ਵੀ ਹੁਣ ਦੋ ਵਿਆਪਕ ਉਪ-ਸ਼੍ਰੇਣੀਆਂ ਵਿੱਚ ਸਮੇਟਿਆ ਗਿਆ ਹੈ।
ਮੈਡੀਕਲ ਵੀਜ਼ਾ: ਮੈਡੀਕਲ ਵੀਜ਼ਾ ਵਿਵਸਥਾ ਵਿੱਚ ਪਰੰਪਰਾਗਤ ਇਲਾਜ ਅਤੇ ਆਯੁਸ਼ (AYUSH) ਡਾਕਟਰੀ ਪ੍ਰਣਾਲੀਆਂ ਤਹਿਤ ਇਲਾਜ ਲਈ ਵੱਖ-ਵੱਖ ਪ੍ਰਬੰਧ ਬਰਕਰਾਰ ਰੱਖੇ ਗਏ ਹਨ।
