ਵੀਜ਼ਾ-ਮਾਸਟਰ ਕਾਰਡ ਵੱਲੋਂ ਰੂਸ ’ਚ ਆਪ੍ਰੇਸ਼ਨ ਬੰਦ ਕਰਨ ਤੋਂ ਬਾਅਦ ਚਰਚਾ ’ਚ ਭਾਰਤ ਦਾ ਆਪਣਾ ਪੇਮੈਂਟ ਚੈਨਲ
Monday, Mar 07, 2022 - 12:06 PM (IST)
ਜਲੰਧਰ(ਨਰੇਸ਼ ਕੁਮਾਰ) - ਵੀਜ਼ਾ - ਮਾਸਟਰ ਕਾਰਡ ਤੇ ਪੇ ਪਾਲ ਵੱਲੋਂ ਰੂਸ ’ਚ ਆਪਣੀਆਂ ਸੇਵਾਵਾਂ ਬੰਦ ਕਰਨ ਤੋਂ ਬਾਅਦ ਭਾਰਤ ’ਚ ‘ਰੁਪੇ’ ਦੀ ਸਫਲਤਾ ’ਤੇ ਚਰਚਾ ਸ਼ੁਰੂ ਹੋ ਗਈ ਹੈ। ਪੇ ਪਾਲ ਤੋਂ ਬਾਅਦ ਵੀਜ਼ਾ ਤੇ ਮਾਸਟਰ ਕਾਰਡ ਵੱਲੋਂ ਵੀ ਰੂਸ ’ਚ ਸੇਵਾਵਾਂ ਬੰਦ ਕਰਨ ਤੋਂ ਬਾਅਦ ਐਤਵਾਰ ਨੂੰ ਪੂਰਾ ਦਿਨ ਟਵਿਟਰ ’ਤੇ ਰੁਪੇ ਟ੍ਰੈਂਡ ਕਰਦਾ ਰਿਹਾ। ਦਰਅਸਲ ਭਾਰਤ ਨੇ 2014 ਤੋਂ ਬਾਅਦ ਹੀ ਦੇਸ਼ ’ਚ ਰੁਪੇ ਕਾਰਡ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਸੀ ਤੇ ਪਿਛਲੇ 7 ਸਾਲਾਂ ’ਚ ਦੇਸ਼ ਦੇ ਪੇਮੇਂਟ ਕਾਰਡ ਬਾਜ਼ਾਰ ’ਚ ਭਾਰਤ ਦੇ ਆਪਣੇ ਪੇਮੇਂਟ ਕਾਰਡ ਰੁਪੇ ਦੀ ਬਾਜ਼ਾਰ ਹਿੱਸੇਦਾਰੀ 15 ਤੋਂ ਵੱਧ ਕੇ 60 ਫ਼ੀਸਦੀ ਹੋ ਚੁੱਕੀ ਹੈ ਤੇ ਰੁਪੇ ਦੀ ਇਸ ਸਫਲਤਾ ਨਾਲ ਵੀਜ਼ਾ ਤੇ ਮਾਸਟਰਕਾਰਡ ਕਾਫੀ ਪ੍ਰੇਸ਼ਾਨ ਹਨ । ਮਾਸਟਰ ਕਾਰਡ ਨੇ ਕੇਂਦਰ ਸਰਕਾਰ ਵੱਲੋਂ ਰੁਪੇ ਕਾਰਡ ਦੀ ਪ੍ਰੋਮੋਸ਼ਨ ਦੇ ਮਾਮਲੇ ਨੂੰ ਅਮਰੀਕਾ ਦੀ ਸਰਕਾਰ ਦੇ ਸਾਹਮਣੇ ਵੀ ਚੁੱਕਿਆ ਸੀ ਪਰ ਸਰਕਾਰ ਨੇ ਇਸ ਮਾਮਲੇ ’ਚ ਆਪਣਾ ਸਟੈਂਡ ਸਪੱਸ਼ਟ ਰੱਖਿਆ ਹੈ ਤੇ ਹੁਣ ਡੈਬਿਟ ਕਾਰਡ ਦੇ ਨਾਲ-ਨਾਲ ਰੁਪੇ ਕਾਰਡ ਦਾ ਵਿਸਥਾਰ ਕ੍ਰੈਡਿਟ ਕਾਰਡ ਮਾਰਕੀਟ ’ਚ ਵੀ ਕੀਤਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਦੇ ਕ੍ਰੈਡਿਟ ਕਾਰਡ ਮਾਰਕੀਟ ’ਚ ਰੁਪੇ ਦੀ ਹਿੱਸੇਦਾਰੀ ਵਧ ਕੇ 20 ਫ਼ੀਸਦੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਸੋਨੇ ਦੀ ਤੂਫਾਨੀ ਚਾਲ, ਮਈ 2021 ਤੋਂ ਬਾਅਦ ਨਜ਼ਰ ਆਈ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ
ਜਨ-ਧਨ ਯੋਜਨਾ ਨਾਲ ਲੱਗੇ ‘ਰੁਪੇ’ ਕਾਰਡ ਨੂੰ ਖੰਭ
ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੰਬਰ 2020 ਦੇ ਅੰਕੜਿਆਂ ਮੁੁਤਾਬਕ ਦੇਸ਼ ਦੇ 1158 ਬੈਂਕਾਂ ਨੇ 60 ਕਰੋਡ਼ ਤੋਂ ਵੱਧ ਰੁਪੇ ਕਾਰਡ ਜਾਰੀ ਕੀਤੇ ਸਨ ਪਰ ਇਨ੍ਹਾਂ ਤੋਂ ਜ਼ਿਆਦਾਤਰ ਡੈਬਿਟ ਕਾਰਡਸ ਹਨ ਤੇ ਕ੍ਰੈਡਿਟ ਕਾਰਡ ਦੀ ਗਿਣਤੀ ਕਰੀਬ 10 ਲੱਖ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ’ਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਜਨਵਰੀ 2021 ਤੱਕ ਖੋਲ੍ਹੇ ਗਏ 41 ਕਰੋਡ਼ ਬੈਂਕ ਖਾਤਿਆਂ ’ਚੋਂ 30 ਕਰੋਡ਼ ਤੋਂ ਵੱਧ ਖਾਤਾਧਾਰਕਾਂ ਨੂੰ ਰੁਪੇ ਕਾਰਡ ਜਾਰੀ ਕੀਤਾ ਗਿਆ। 2010-11 ਤੋਂ ਲੈ ਕੇ 2019-20 ਦੇ ਵਿਚਕਾਰ ਦੇਸ਼ ’ਚ ਡੈਬਿਟ ਕਾਰਡਸ ਦੀ ਗਿਣਤੀ 22 ਕਰੋਡ਼ 70 ਲੱਖ ਵਲੋਂ ਵੱਧ ਕੇ 82 ਕਰੋਡ਼ 80 ਲੱਖ ਹੋ ਗਈ ਸੀ ਤੇ ਇਨ੍ਹਾਂ ਵਲੋਂ 30 ਕਰੋਡ਼ ਤੋਂ ਵੱਧ ਡੈਬਿਟ ਕਾਰਡ ਰੁਪੇ ਵੱਲੋਂ ਸੇਵਿੰਗ ਬੈਂਕ ਅਕਾਊਂਟਸ ਤਹਿਤ ਜਾਰੀ ਕੀਤੇ ਗਏ। ਇਸ ਮਿਆਦ ਦੌਰਾਨ ਦੇਸ਼ ’ਚ ਕ੍ਰੈਡਿਟ ਕਾਰਡਸ ਦੀ ਗਿਣਤੀ ਵੀ 1 ਕਰੋਡ਼ 80 ਲੱਖ ਤੋਂ ਵੱਧ ਕੇ ਤਕਰੀਬਨ ਪੌਣੇ 6 ਕਰੋਡ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਰੂਸ-ਯੂਕਰੇਨ ਯੁੱਧ ਦਾ ਅਸਰ : Puma, PayPal ਸਮੇਤ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਰੂਸ 'ਚ ਕੰਮਕਾਜ ਕੀਤਾ ਬੰਦ
ਰੂਸ ਦੇ ਪੇਮੈਂਟ ਕਾਰਡ ਬਾਜ਼ਾਰ ’ਚ ਵੀਜ਼ਾ ਤੇ ਮਾਸਟਰਕਾਰਡ ਦੀ ਹਿੱਸੇਦਾਰੀ 72 ਫ਼ੀਸਦੀ
ਮਾਸਟਰਕਾਰਡ ਰੂਸ ’ਚ ਪਿਛਲੇ 25 ਸਾਲਾਂ ਤੋਂ ਆਪ੍ਰੇਟ ਕਰ ਰਿਹਾ ਹੈ, ਜਦਕਿ ਵੀਜ਼ਾ ਵੀ ਲੱਗਭਗ ਇੰਨਾ ਸਮੇਂ ਤੋਂ ਉੱਥੇ ਪ੍ਰਮੁੱਖ ਪੇਮੈਂਟ ਗੇਟਵੇਅ ਹੈ। ਇਸ ਸਮੇਂ ਰੂਸ ’ਚ 30 ਕਰੋਡ਼ ਤੋਂ ਵੱਧ ਕ੍ਰੈਡਿਟ ਤੇ ਡੈਬਿਟ ਕਾਰਡ ਵਰਤੋਂ ’ਚ ਹਨ, ਜਿਨ੍ਹਾਂ ’ਚ ਲੱਗਭਗ 21 ਕਰੋਡ਼ 60 ਲੱਖ ਕਾਰਡ ਇਨ੍ਹਾਂ ਦੋਵਾਂ ਕੰਪਨੀਆਂ ਦੇ ਹਨ। ਰੂਸ ਦੇ ਪੇਮੈਂਟ ਕਾਰਡ ਬਾਜ਼ਾਰ ’ਚ ਵੀਜ਼ਾ ਦੀ ਹਿੱਸੇਦਾਰੀ 33 ਫ਼ੀਸਦੀ ਹੈ ਜਦਕਿ ਮਾਸਟਰਕਾਰਡ ਦੀ ਹਿੱਸੇਦਾਰੀ 39 ਫ਼ੀਸਦੀ ਹੈ। ਇਹ ਦੋਵੇਂ ਕੰਪਨੀਆਂ ਰੂਸ ’ਚ ਹੋਣ ਵਾਲੇ ਛੋਟੇ ਲੈਣ-ਦੇਣ ਦਾ 30 ਤੋਂ 60 ਫੀਸਦੀ ਕੰਟਰੋਲ ਕਰਦੀਆਂ ਹਨ। ਦੋਵਾਂ ਹੀ ਕੰਪਨੀਆਂ ਨੂੰ ਆਪਣੇ ਨੈੱਟ ਰੈਵੇਨਿਊ ਦਾ ਕਰੀਬ 4 ਫੀਸਦੀ ਰੂਸ ਨਾਲ ਜੁਡ਼ੇ ਕਾਰੋਬਾਰ ਤੋਂ ਹਾਸਲ ਹੁੰਦਾ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੀ ਸੰਸਾਰਕ ਮਾਲੀ ਹਾਲਤ ’ਚ ਦਖਲ ਤੇ ਕਿਸੇ ਦੇਸ਼ ਦੀ ਮਾਲੀ ਹਾਲਤ ਨੂੰ ਪ੍ਰਭਾਵਿਤ ਕਰਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2020 ’ਚ ਵੀਜ਼ਾ ਵੱਲੋਂ ਸੰਸਾਰ ਭਰ ’ਚ 188 ਅਰਬ ਲੈਣ-ਦੇਣ ਕੀਤਾ ਗਿਆ , ਜਦਕਿ ਮਾਸਟਰਕਾਰਡ ਵੱਲੋਂ 113 ਅਰਬ ਵਾਰ। ਇਸ ਤਰ੍ਹਾਂ ਇਹ ਦੋਵੇਂ ਕੰਪਨੀਆਂ ਵੱਡੀ ਤੋਂ ਵੱਡੀ ਮਾਲੀ ਹਾਲਤ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਇਹ ਵੀ ਪੜ੍ਹੋ : SBI ਦਾ ਵੱਡਾ ਫ਼ੈਸਲਾ, ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਰੋਕਿਆ ਲੈਣ-ਦੇਣ
ਭਾਰਤ ਸਰਕਾਰ ਦੇ ਇਸ ਪ੍ਰਮੋਸ਼ਨ ਤੋਂ ਬਾਅਦ ਵੀਜ਼ਾ ਤੇ ਮਾਸਟਰਕਾਰਡ ਨੇ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਇਸ ਤੋਂ ਭਾਰਤ ’ਚ ਉਨ੍ਹਾਂ ਦੇ ਹਿੱਤ ਪ੍ਰਭਾਵਿਤ ਹੋਣਗੇ। ਦੋਵਾਂ ਕੰਪਨੀਆਂ ਨੇ ਯੂ. ਐੱਸ ਟਰੇਡ ਪ੍ਰਤੀਨਿਧੀਆਂ ਸਾਹਮਣੇ ਇਹ ਮੁੱਦਾ ਚੁੱਕਿਆ। ਇਨ੍ਹਾਂ ਦਾ ਕਹਿਣਾ ਸੀ ਕਿ ਪੀ. ਐੱਮ. ਮੋਦੀ ਸਵਦੇਸ਼ੀ ਪੇਮੈਂਟ ਸਿਸਟਮ ਨੂੰ ਪ੍ਰਮੋਟ ਕਰਨ ਲਈ ਰਾਸ਼ਟਰਵਾਦ ਦਾ ਸਹਾਰਾ ਲੈ ਰਹੇ ਹਨ। ਭਾਰਤੀ ਬਾਜ਼ਾਰ ’ਤੇ ਆਪਣਾ ਦਬਦਬਾ ਕਾਇਮ ਰੱਖਣ ਰੱਖਣ ਲਈ ਦੋਵਾਂ ਕੰਪਨੀਆਂ ਦੇ ਕਈ ਦਲੀਲ਼ਾਂ ਦਿੱਤੀਆਂ ਸਨ। ਇੱਥੇ ਤੱਕ ਬਾਜ਼ਾਰ ਤੇ ਮੁਕਾਬਲੇਬਾਜ਼ੀ ਦਾ ਹਵਾਲਾ ਦਿੱਤਾ ਸੀ। ਵੀਜਾ ਨੇ ਕਿਹਾ ਕਿ RuPay ਉਸ ਲਈ ਸਮੱਸਿਆ ਬਣ ਰਿਹਾ ਹੈ। ਉਸ ਨੇ ਕਿਹਾ ਸੀ ਕਿ ਬਾਜ਼ਾਰ ’ਚ ਮੁਕਾਬਲੇਬਾਜ਼ੀ ਬਣਾਈ ਹੋਣੀ ਚਾਹੀਦੀ ਹੈ। ਮਾਸਟਰਕਾਰਡ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਇਹ ਬਹੁਤ ਚੰਗਾ ਹੈ ਕਿ ਸਰਕਾਰ ਬਾਜ਼ਾਰ ਖੋਲ੍ਹ ਰਹੀ ਹੈ ਪਰ ਨ ਬਾਜ਼ਾਰ ਨੂੰ ਮੁਕਾਬਲੇ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਨਾ ਕਿ ਲੋਕ ਫਤਵਾ ਤੋਂ ਪ੍ਰੇਰਿਤ ਮੁਕਾਬਲੇ ਤੋਂ , ਜੇਕਰ ਪ੍ਰਤੀਯੋਗੀ ਰੈਗੂਲੇਟਰ ਬਣ ਜਾਂਦਾ ਹੈ ਤਾਂ ਇਹ ਚਿੰਤਾ ਦੀ ਗੱਲ ਹੈ।
ਸਾਲ 2012 ’ਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਭਾਰਤ ਦਾ ਸਵਦੇਸ਼ੀ ਪੇਮੈਂਟ ਗੇਟਵੇ RuPay ਕਾਰਡ ਨੂੰ ਲਾਂਚ ਕੀਤਾ। ਇਹ ਇਕ ਗੈਰ-ਲਾਭਕਾਰੀ ਸੰਗਠਨ ਹੈ, ਜਿਸ ਨੂੰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪ੍ਰਮੋਟ ਕੀਤਾ ਸੀ ਤੇ ਹੁਣ ਕਈ ਵਿੱਤੀ ਸੰਸਥਾਵਾਂ ਦੀ ਮਲਕੀਅਤ ਦੇ ਅਧੀਨ ਹੈ। ਅੱਜ ਦੇਸ਼ ਦੇ 1158 ਬੈਂਕ ਰੁਪੇ ਕਾਰਡ ਜਾਰੀ ਕਰ ਰਹੇ ਹਨ ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਐੱਨ. ਪੀ. ਸੀ. ਆਈ. ਰੁਪੇ ਦਾ ਡੈਬਿਟ ਕਾਰਡ ਜਾਰੀ ਕਰਨ ਤੋਂ ਇਲਾਵਾ ਰੁਪੇ ਕਲਾਸੀਕਲ, ਪਲੈਟੀਨਮ ਤੇ ਸਿਲੈਕਟ ਨਾਂ ਤੋਂ ਕ੍ਰੈਡਿਟ ਕਾਰਡ ਦੇ ਨਾਲ-ਨਾਲ ਪ੍ਰੀ-ਪੋਡ ਕਾਰਡ ਕਲਾਸਿਕ, ਕਾਰਪੋਰੇਟ ਤੇ ਪਲੈਟੀਨਮ ਤੇ ਰੁਪੇ ਮੁਦਰਾ, ਰੁਪੇ ਕਿਸਾਨ ਕਾਰਡ ਤੇ ਰੁਪੇ ਪਨਗ੍ਰੇਨ ਕਾਰਡ ਵੀ ਜਾਰੀ ਕਰਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਮੈਟਰੋ ਸਟੇਸ਼ਨਾਂ ਦੀ ਪੇਮੈਂਟ ਦੇ ਨਾਲ-ਨਾਲ ਸਰਕਾਰੀ ਸੇਵਾਵਾਂ ਦੀ ਪੇਮੈਂਟ ਲਈ ਵੀ ਰੁਪੇ ਕਾਰਡ ਜਾਰੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮਾਰਚ ਵਿੱਚ 13 ਦਿਨਾਂ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਇਸ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।