ਡਾਕ ਪੇਮੈਂਟਸ ਬੈਂਕ ਨੂੰ ਲੈ ਕੇ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ

11/20/2019 3:46:58 PM

ਨਵੀਂ ਦਿੱਲੀ— ਸਰਕਾਰ ਜਲਦ ਹੀ ਭਾਰਤੀ ਡਾਕ ਪੇਮੈਂਟਸ ਬੈਂਕ ਨੂੰ ਛੋਟੇ ਫਾਈਨੈਂਸ ਬੈਂਕ 'ਚ ਤਬਦੀਲ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦਿੱਤੀ। ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤੀ ਡਾਕ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਨੂੰ ਛੋਟੇ ਫਾਈਨੈਂਸ ਬੈਂਕ 'ਚ ਬਦਲਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਇਸ ਲਈ ਇਕ ਟਾਸਕ ਫੋਰਸ ਗਠਨ ਕੀਤੀ ਗਈ ਹੈ।

ਉੱਥੇ ਹੀ, ਸੂਤਰਾਂ ਨੇ ਕਿਹਾ ਕਿ ਭਾਰਤੀ ਡਾਕ ਪੇਮੈਂਟਸ ਬੈਂਕ ਇਸ ਤਬਦੀਲੀ ਲਈ ਆਰ. ਬੀ. ਆਈ. ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ।ਇਕ ਛੋਟਾ ਫਾਈਨੈਂਸ ਬੈਂਕ ਹੋਣ ਦੇ ਨਾਤੇ ਇਹ 1 ਲੱਖ ਰੁਪਏ ਤੋਂ ਵੱਧ ਦੇ ਡਿਪਾਜ਼ਿਟ ਸਵੀਕਾਰ ਕਰ ਸਕੇਗਾ ਤੇ ਛੋਟੇ ਲੋਨ ਵੀ ਦੇ ਸਕੇਗਾ, ਜਦੋਂ ਕਿ ਹੁਣ ਪੇਮੈਂਟ ਬੈਂਕ ਹੋਣ ਕਾਰਨ ਇਸ ਦੇ ਅਧਿਕਾਰ ਬਹੁਤ ਹੀ ਸੀਮਤ ਹਨ।
ਜ਼ਿਕਰਯੋਗ ਹੈ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਵਿੱਤੀ ਸਾਲ 2018-19 'ਚ 15,000 ਰੁਪਏ ਦਾ ਵੱਡਾ ਘਾਟਾ ਛੂਹ ਕੇ ਸਰਕਾਰੀ ਜਹਾਜ਼ ਕੰਪਨੀ Air India ਤੇ ਬੀ. ਐੱਸ. ਐੱਨ. ਐੱਲ. ਨੂੰ ਵੀ ਪਿੱਛੇ ਛੱਡ ਦਿੱਤਾ ਸੀ।
ਹੁਣ ਤਕ ਸਰਕਾਰੀ ਜਾਂ ਨਿੱਜੀ ਪੇਮੈਂਟ ਬੈਂਕ ਭਾਰਤ 'ਚ ਬਹੁਤ ਸਫਲ ਨਹੀਂ ਹੋ ਸਕੇ ਹਨ। ਆਦਿੱਤਿਆ ਬਿਰਲਾ ਆਈਡੀਆ ਪੇਮੈਂਟਸ ਬੈਂਕ ਲਿਮਟਿਡ, ਜੋ ਪੂਰੀ ਤਰ੍ਹਾਂ ਡਿਜੀਟਲ ਸਰਵਿਸ ਬੈਂਕ ਸੀ ਉਸ ਨੇ ਵੀ ਇਹ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਇੰਡੀਆ ਪੋਸਟ ਪੇਮੈਂਟਸ ਬੈਂਕ ਵੀ ਵੱਧ ਰਹੇ ਤਨਖਾਹ ਬਿੱਲਾਂ ਤੇ ਘਾਟੇ 'ਚ ਚੱਲ ਰਹੇ ਕਾਰੋਬਾਰ ਤੋਂ ਬਚਣ ਲਈ ਸੰਘਰਸ਼ ਕਰ ਰਿਹਾ ਹੈ।


Related News