ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਅਮਰੀਕਾ ਨੂੰ ਭੇਜੇ 44% ਮੇਡ ਇਨ ਇੰਡੀਆ ਸਮਾਰਟਫੋਨ
Wednesday, Jul 30, 2025 - 01:45 PM (IST)

ਨਵੀਂ ਦਿੱਲੀ (ਏਜੰਸੀ)- ਭਾਰਤ ਨੇ 2025 ਦੀ ਦੂਜੀ ਤਿਮਾਹੀ ਵਿੱਚ ਅਮਰੀਕਾ ਨੂੰ ਸਮਾਰਟਫੋਨ ਨਿਰਯਾਤ ਦੇ ਮਾਮਲੇ ਵਿੱਚ ਪਹਿਲੀ ਵਾਰ ਚੀਨ ਨੂੰ ਪਛਾੜ ਦਿੱਤਾ ਹੈ। ਖੋਜ ਕੰਪਨੀ ਕੈਨਾਲਿਸ ਦੇ ਅਨੁਸਾਰ, ਅਜਿਹਾ ਟੈਰਿਫ ਗੱਲਬਾਤ ਦੌਰਾਨ ਚੀਨ ਦੀ ਵਪਾਰਕ ਹਿੱਸੇਦਾਰੀ ਘੱਟਣ ਕਾਰਨ ਹੋਇਆ ਅਤੇ ਭਾਰਤ ਅਮਰੀਕਾ ਤੱਕ ਪਹੁੰਚਣ ਵਾਲੇ ਸਮਾਰਟਫੋਨ ਦਾ ਸਭ ਤੋਂ ਵੱਡਾ ਨਿਰਮਾਣ ਕੇਂਦਰ ਬਣ ਕੇ ਉਭਰਿਆ। ਕੈਨਾਲਿਸ (ਹੁਣ ਓਮਡੀਆ ਦਾ ਹਿੱਸਾ) ਦੁਆਰਾ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਟੈਰਿਫ ਸਬੰਧੀ ਚਿੰਤਾਵਾਂ ਦੇ ਵਿਚਕਾਰ ਵਿਕਰੇਤਾਵਾਂ ਦੇ ਆਪਣਾ ਸਟਾਕ ਵਧਾਉਣ ਕਾਰਨ ਮੌਜੂਦਾ ਕੈਲੰਡਰ ਸਾਲ ਦੀ ਦੂਜੀ ਤਿਮਾਹੀ ਵਿੱਚ ਅਮਰੀਕਾ ਵਿਚ ਸਮਾਰਟਫੋਨ ਦਾ ਆਯਾਤ 1 ਫੀਸਦੀ ਵੱਧ ਗਿਆ। ਇਸ ਅਨੁਸਾਰ, ਚੀਨ ਨਾਲ ਵਪਾਰਕ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਸਪਲਾਈ ਚੇਨ ਨੂੰ ਤਿਆਰ ਕਰਨ ਦਾ ਕੰਮ ਤੇਜ਼ ਹੋਇਆ ਹੈ।
ਅਮਰੀਕਾ ਤੱਕ ਪਹੁੰਚਣ ਵਾਲੇ ਸਮਾਰਟਫੋਨ ਵਿੱਚ ਚੀਨ ਦਾ ਹਿੱਸਾ ਅਪ੍ਰੈਲ-ਜੂਨ ਵਿੱਚ ਘੱਟ ਕੇ 25 ਫੀਸਦੀ ਰਹਿ ਗਿਆ, ਜੋ ਕਿ ਇੱਕ ਸਾਲ ਪਹਿਲਾਂ 61 ਫੀਸਦੀ ਸੀ। ਰਿਪੋਰਟ ਦੇ ਅਨੁਸਾਰ, ਇਸ ਗਿਰਾਵਟ ਦਾ ਜ਼ਿਆਦਾਤਰ ਹਿੱਸਾ ਭਾਰਤ ਨੂੰ ਮਿਲਿਆ। ਭਾਰਤ ਵਿੱਚ ਬਣੇ ਸਮਾਰਟਫੋਨ ਦੀ ਕੁੱਲ ਮਾਤਰਾ ਸਾਲਾਨਾ ਆਧਾਰ 'ਤੇ 240 ਫੀਸਦੀ ਵਧੀ ਹੈ ਅਤੇ ਹੁਣ ਅਮਰੀਕਾ ਪਹੁੰਚਣ ਵਾਲੇ ਸਮਾਰਟਫੋਨਾਂ ਵਿਚ ਭਾਰਤ ਦੀ 44 ਫੀਸਦੀ ਹਿੱਸੇਦਾਰੀ ਹੈ। 2024 ਦੀ ਦੂਜੀ ਤਿਮਾਹੀ ਵਿੱਚ ਇਹ ਅੰਕੜਾ ਸਿਰਫ਼ 13 ਫੀਸਦੀ ਸੀ। ਕੈਨਾਲਿਸ ਦੇ ਮੁੱਖ ਵਿਸ਼ਲੇਸ਼ਕ ਸੰਯਮ ਚੌਰਸੀਆ ਨੇ ਕਿਹਾ, "2025 ਦੀ ਦੂਜੀ ਤਿਮਾਹੀ ਵਿੱਚ ਭਾਰਤ ਪਹਿਲੀ ਵਾਰ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਮਾਰਟਫ਼ੋਨਾਂ ਲਈ ਇੱਕ ਵੱਡਾ ਨਿਰਮਾਣ ਕੇਂਦਰ ਬਣ ਗਿਆ ਹੈ, ਜਿਸਦਾ ਮੁੱਖ ਕਾਰਨ ਅਮਰੀਕਾ ਅਤੇ ਚੀਨ ਵਿਚਕਾਰ ਅਨਿਸ਼ਚਿਤ ਵਪਾਰਕ ਦ੍ਰਿਸ਼ ਦੇ ਵਿਚਕਾਰ ਐਪਲ ਦੁਆਰਾ ਭਾਰਤੀ ਸਪਲਾਈ ਚੇਨ ਨੂੰ ਤੇਜ਼ੀ ਨਾਲ ਵਧਾਉਣਾ ਹੈ।"