ਭਾਰਤ ਨੇ ਚੀਨ ਨਾਲ ਮਿਲ ਕੇ ਬਣਾਇਆ ਸੀ ਬੈਂਕ, ਹੁਣ ਦਿੱਲੀ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਮਿਲੇਗੀ ਨਿਜ਼ਾਤ
Friday, Nov 20, 2020 - 06:41 PM (IST)
ਨਵੀਂ ਦਿੱਲੀ — ਭਾਰਤ ਸਰਕਾਰ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਨੈਸ਼ਨਲ ਕੈਪੀਟਲ ਟੈਰੀਟਰੀ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਅਤੇ ਨਿਊ ਡਿਵੈਲਪਮੈਂਟ ਬੈਂਕ (ਐਨਡੀਬੀ) ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ(ਐਨ.ਸੀ.ਆਰ.) 'ਚ ਤੇਜ਼ ਭਰੋਸੇਯੋਗ ਅਤੇ ਅਰਾਮਦਾਇਕ ਜਨਤਕ ਆਵਾਜਾਈ ਪ੍ਰਣਾਲੀ ਮੁਹੱਈਆ ਕਰਵਾਉਣ ਲਈ 'ਦਿੱਲੀ-ਗਾਜ਼ੀਆਬਾਦ- ਮੇਰਠ ਨੇ ਖੇਤਰੀ ਤਤਕਾਲ ਟ੍ਰਾਂਸਪੋਰਟ ਸਿਸਟਮ ਪ੍ਰਾਜੈਕਟ' ਨੂੰ 500 ਮਿਲੀਅਨ ਡਾਲਰ ਦਾ ਕਰਜ਼ਾ ਦੇਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ।
ਇਸ ਤਰ੍ਹਾਂ ਬਣੇਗਾ ਨਿਊ ਡਵੈਲਪਮੈਂਟ ਬੈਂਕ
ਨਵਾਂ ਵਿਕਾਸ ਬੈਂਕ ਜੋ ਪਹਿਲਾਂ ਬ੍ਰਿਕਸ ਬੈਂਕ ਦੇ ਗੈਰ ਰਸਮੀ ਨਾਮ ਨਾਲ ਜਾਣਿਆ ਜਾਂਦਾ ਸੀ। ਬ੍ਰਿਕਸ ਸਮੂਹ ਦੇ ਦੇਸ਼ਾਂ ਦੁਆਰਾ ਸਥਾਪਤ ਕੀਤੇ ਗਏ ਇੱਕ ਨਵੇਂ ਵਿਕਾਸ ਬੈਂਕ ਦਾ ਅਧਿਕਾਰਤ ਨਾਮ ਹੈ। 2014 ਦੇ ਬ੍ਰਿਕਸ ਸੰਮੇਲਨ ਵਿਚ 100 ਅਰਬ ਡਾਲਰ ਦੀ ਸ਼ੁਰੂਆਤੀ ਅਧਿਕਾਰਤ ਪੂੰਜੀ ਦੇ ਨਾਲ ਇਕ ਨਵੇਂ ਵਿਕਾਸ ਬੈਂਕ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਬੈਂਕ ਅਤੇ ਫੰਡ ਨੂੰ ਪੱਛਮੀ ਦੇਸ਼ਾਂ ਦੇ ਦਬਦਬੇ ਵਾਲੇ ਵਿਸ਼ਵ ਬੈਂਕ ਅਤੇ ਆਈ.ਐਮ.ਐਫ. ਵਰਗੇ ਅਦਾਰਿਆਂ ਦੇ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ। ਬੈਂਕ ਦਾ ਮੁੱਖ ਦਫਤਰ ਚੀਨ ਦੇ ਸ਼ੰਘਾਈ ਵਿਚ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬੈਂਕ ਦੀ ਸਥਾਪਨਾ ਦਾ ਵਿਚਾਰ ਭਾਰਤ ਦੁਆਰਾ ਸਾਲ 2012 ਵਿਚ ਦਿੱਲੀ ਵਿਚ ਹੋਏ ਚੌਥੇ ਬ੍ਰਿਕਸ ਸੰਮੇਲਨ ਵਿਚ ਪ੍ਰਸਤਾਵਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਖ਼ਬਰ - ਪਰਾਲੀ ਨੂੰ ਖ਼ਾਦ ਬਣਾਉਣ ਵਾਲੇ ਕੈਪਸੂਲ ਦੀ ਕੀਮਤ 5 ਗੁਣਾ ਵਧੀ
ਦਿੱਲੀ ਐਨਸੀਆਰ ਵਿਚ ਹੋਵੇਗਾ ਵੱਡਾ ਨਿਵੇਸ਼
ਐਨ.ਸੀ.ਆਰ. ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਮੂਹਾਂ ਅਤੇ ਭਾਰਤ ਦੇ ਇੱਕ ਵੱਡੇ ਆਰਥਿਕ ਕੇਂਦਰਾਂ ਵਿੱਚੋਂ ਇੱਕ ਹੈ। ਕੁਸ਼ਲ ਜਨਤਕ ਆਵਾਜਾਈ ਵਿਕਲਪਾਂ ਦੀ ਘਾਟ ਕਾਰਨ, ਐਨਸੀਆਰ ਵਿਚ ਨਿਜੀ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਐਨਸੀਆਰ ਦੇ ਦਿੱਲੀ-ਗਾਜ਼ੀਆਬਾਦ-ਮੇਰਠ ਕੋਰੀਡੋਰ ਵਿਚ ਅੰਦਾਜ਼ਨ ਰੋਜ਼ਾਨਾ ਯਾਤਰੀ ਆਵਾਜਾਈ 0.69 ਮਿਲੀਅਨ ਹੈ, ਜਿਸ ਵਿਚੋਂ 63% ਆਵਾਜਾਈ ਲਈ ਨਿੱਜੀ ਵਾਹਨ ਵਰਤਦੇ ਹਨ। ਆਵਾਜਾਈ ਭੀੜ ਕਾਰਨ ਦਿਨ ਦੇ ਵਿਅਸਤ ਸਮੇਂ (ਪੀਕ ਘੰਟਿਆਂ) ਦੌਰਾਨ ਸੜਕ ਰਾਹੀਂ ਦਿੱਲੀ ਅਤੇ ਮੇਰਠ ਵਿਚਕਾਰ ਜਾਣ ਲਈ 3 ਤੋਂ 4 ਘੰਟੇ ਲੱਗਦੇ ਹਨ। ਵਾਹਨਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧੇ ਨੇ ਐਨ.ਸੀ.ਆਰ. ਨੂੰ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਖੇਤਰ ਬਣਾਇਆ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ 2030 ਤੱਕ ਐਨਸੀਆਰ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰੀ ਸਮੂਹ ਬਣ ਜਾਵੇਗਾ, ਜਿਸ ਨਾਲ ਮਕਾਨ, ਪਾਣੀ ਦੀ ਸਪਲਾਈ, ਬਿਜਲੀ ਅਤੇ ਆਵਾਜਾਈ ਵਰਗੇ ਬੁਨਿਆਦੀ ਢਾਂਚੇ 'ਤੇ ਦਬਾਅ ਵਧਦਾ ਜਾਵੇਗਾ।
ਤੇਜ਼ ਆਵਾਜਾਈ ਪ੍ਰਣਾਲੀ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਐਨਸੀਆਰ ਖੇਤਰ ਵਿਚ ਟਿਕਾਊ ਸ਼ਹਿਰੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ। ਇਹ ਅਜਿਹੀਆਂ ਪ੍ਰਕਿਰਿਆਵਾਂ ਦੀ ਸ਼ੁਰੂਆਤ ਕਰੇਗੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਟਿਕਾਊ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਯੋਗ ਹੋਣਗੀਆਂ। ਵਾਤਾਵਰਣ ਲਈ ਅਨੁਕੂਲ ਅਤੇ ਬਹੁਤ ਘੱਟ ਨਿਕਾਸ ਰਸਤਾ ਆਰ.ਆਰ.ਟੀ.ਐਸ. ਕਈ ਗੁਣਾ ਜ਼ਿਆਦਾ ਲੋਕਾਂ ਨੂੰ ਤੇਜ਼ ਰਫਤਾਰ (ਔਸਤ ਸਪੀਡ 100 ਕਿ.ਮੀ. ਪ੍ਰਤੀ ਘੰਟਾ) 'ਤੇ ਲਿਜਾਣ ਦੇ ਸਮਰੱਥ ਹੈ ਅਤੇ ਇਹ ਸਿਰਫ 3 ਮੀਟਰ ਜ਼ਮੀਨ ਹੀ ਲਵੇਗਾ। ਸਿੱਟੇ ਵਜੋਂ ਸੜਕਾਂ ਦੀ ਭੀੜ ਘੱਟ ਜਾਵੇਗੀ। ਇਹ ਐਨਸੀਆਰ ਦੇ ਟਰਾਂਸਪੋਰਟ ਸੈਕਟਰ ਤੋਂ ਕੁੱਲ ਨਿਕਾਸ ਨੂੰ ਵੀ ਘਟਾ ਦੇਵੇਗਾ।
ਇਹ ਵੀ ਪੜ੍ਹੋ: 'ਇਕ ਜ਼ਿਲ੍ਹਾ, ਇਕ ਉਤਪਾਦ' ਯੋਜਨਾ ਕੀ ਹੈ? ਜਾਣੋ ਇਸ ਦੇ ਜ਼ਰੀਏ ਕਿਵੇਂ ਮਿਲਣਗੀਆਂ ਲੱਖਾਂ ਲੋਕਾਂ ਨੂੰ ਨੌਕਰੀਆਂ
ਵਧਣਗੀਆਂ ਨਿਵੇਸ਼ ਆਰਥਿਕ ਗਤੀਵਿਧੀਆਂ
ਇਸ ਸਮਝੌਤੇ 'ਤੇ ਭਾਰਤ ਸਰਕਾਰ ਦੀ ਤਰਫੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸੰਯੁਕਤ ਸਕੱਤਰ ਬਲਦੇਵ ਪੁਰਸ਼ਾਰਥ; ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਤਰਫੋਂ ਜਨਾਰਦਨ ਪ੍ਰਸਾਦ; ਨੈਸ਼ਨਲ ਕੈਪੀਟਲ ਰੀਜਨ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਦੀ ਤਰਫੋਂ ਮੈਨੇਜਿੰਗ ਡਾਇਰੈਕਟਰ ਅਤੇ ਵਾਈਸ ਚੇਅਰਮੈਨ ਵਿਨੈ ਕੁਮਾਰ ਸਿੰਘ ਅਤੇ ਐਨ.ਡੀ.ਬੀ. ਵਲੋਂ ਚੀਫ ਆਪਰੇਟਿੰਗ ਅਫਸਰ ਸ਼ਿਆਨ ਝੂ ਨੇ ਦਸਤਖ਼ਤ ਕੀਤੇ।
ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸੰਯੁਕਤ ਸਕੱਤਰ, ਸ੍ਰੀ ਬਲਦੇਵ ਪੁਰਸ਼ਾਰਥ ਨੇ ਕਿਹਾ, 'ਨਿਰਵਿਘਨ ਅਤੇ ਤੇਜ਼ ਰਫਤਾਰ ਨਾਲ ਕਨੈਕਟਿਵਿਟੀ ਦੇ ਨਾਲ ਖੇਤਰ ਵਿਚ ਸੰਤੁਲਿਤ ਆਰਥਿਕ ਵਿਕਾਸ ਹੋਵੇਗਾ। ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਆਰਥਿਕ ਲਾਭ ਮਿਲੇਗਾ। ਵਿਕਾਸ ਦੇ ਵੱਖ ਵੱਖ ਸਥਾਨ ਉੱਭਰਨਗੇ ਅਤੇ ਸਾਰੀਆਂ ਆਰਥਿਕ ਗਤੀਵਿਧੀਆਂ ਇਕ ਜਗ੍ਹਾ 'ਤੇ ਸੀਮਤ ਨਹੀਂ ਰਹਿਣਗੀਆਂ।
ਇਹ ਵੀ ਪੜ੍ਹੋ: ਸੋਨਾ-ਚਾਂਦੀ : 6000 ਰੁਪਏ ਤੱਕ ਸਸਤਾ ਹੋ ਚੁੱਕਾ ਹੈ ਸੋਨਾ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ
ਇਸ ਫੰਡ ਤੋਂ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾਣਗੇ
ਐਨਡੀਬੀ ਦੇ ਉਪ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਆਨ ਜ਼ੂ ਨੇ ਕਿਹਾ, 'ਐਨ.ਐਨ.ਡੀ.ਬੀ. ਨੂੰ ਸਾਰੇ ਕੋਰੀਡੋਰਾਂ ਵਿਚ ਆਧੁਨਿਕ ਡਿਜ਼ਾਈਨ, ਊਰਜਾ ਕੁਸ਼ਲ ਸੰਚਾਲਨ ਅਤੇ ਆਪਸੀ ਆਪ੍ਰੇਸ਼ਨਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਏਗੀ। ਐਨਡੀਬੀ ਫੰਡਾਂ ਦੀ ਵਰਤੋਂ ਸਿਗਨਲ, ਦੂਰ ਸੰਚਾਰ ਅਤੇ ਰੇਲ ਨਿਯੰਤਰਣ ਪ੍ਰਣਾਲੀ ਦੀ ਖਰੀਦ ਲਈ ਵੀ ਕੀਤੀ ਜਾਏਗੀ ਜਿਸ ਵਿਚ ਆਧੁਨਿਕ ਸਹੂਲਤਾਂ ਜਿਵੇਂ ਕਿ ਆਟੋਮੈਟਿਕ ਰੇਲ ਪ੍ਰਣਾਲੀ, ਸਵੈਚਲਿਤ ਰੇਲ ਸੁਰੱਖਿਆ, ਸਵੈਚਾਲਿਤ ਰੇਲ ਨਿਗਰਾਨੀ ਅਤੇ ਪਲੇਟਫਾਰਮ ਸਕ੍ਰੀਨ ਦਰਵਾਜ਼ਿਆਂ ਨਾਲ ਏਕੀਕਰਣ ਆਦਿ ਸ਼ਾਮਲ ਹੋਣਗੇ। ਇਹ ਪ੍ਰਾਜੈਕਟ ਭਾਰਤ ਦੇ ਹੋਰ ਸ਼ਹਿਰੀ ਖੇਤਰਾਂ ਵਿਚ ਉੱਚ ਸਮਰੱਥਾ ਵਾਲੇ ਤੇਜ਼ ਆਵਾਜਾਈ ਗਲਿਆਰੇ ਦੇ ਵਿਕਾਸ ਲਈ ਇਕ ਮਿਸਾਲ ਬਣ ਸਕਦਾ ਹੈ।
ਇਸ ਪ੍ਰਾਜੈਕਟ ਦੀ ਕੁੱਲ ਅਨੁਮਾਨਤ ਲਾਗਤ 3,749 ਮਿਲੀਅਨ ਡਾਲਰ ਹੈ, ਜਿਸਨੂੰ ਐਨਡੀਬੀ (500 ਮਿਲੀਅਨ ਡਾਲਰ), ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (500 ਮਿਲੀਅਨ ਡਾਲਰ), ਏਸ਼ੀਅਨ ਵਿਕਾਸ ਬੈਂਕ (1,049 ਮਿਲੀਅਨ ਡਾਲਰ), ਜਾਪਾਨੀ ਫੰਡ ਫਾਰ ਪਾਵਰਟੀ ਰਿਡਕਸ਼ਨ (3 ਮਿਲੀਅਨ ਡਾਲਰ) ਅਤੇ ਸਰਕਾਰ ਜਾਂ ਕਿਸੇ ਹੋਰ ਸਰੋਤ ( 1,707 ਮਿਲੀਅਨ ਡਾਲਰ) ਦੁਆਰਾ ਫੰਡ ਕੀਤਾ ਜਾਵੇਗਾ। ਐਨਡੀਬੀ ਦੇ 500 ਮਿਲੀਅਨ ਡਾਲਰ ਦੇ ਕਰਜ਼ੇ ਦਾ ਕਾਰਜਕਾਲ ਕੁੱਲ 25 ਸਾਲ ਹੈ ਜੋ 8 ਸਾਲ ਦੀ ਗ੍ਰੇਸ ਪੀਰੀਅਡ ਦੇ ਨਾਲ ਹੈ।
ਇਹ ਵੀ ਪੜ੍ਹੋ: ਹੁਣ ਰੇਲ ਗੱਡੀ ਦੀ ਯਾਤਰਾ ਹੋਵੇਗੀ ਆਨੰਦਮਈ, ਜਲਦ ਮਿਲਣਗੀਆਂ ਇਹ ਨਵੀਆਂ ਸਹੂਲਤਾਂ