ਜਿਊਲਰੀ ਖਰੀਦਦਾਰਾਂ ਲਈ ਚੰਗੀ ਖ਼ਬਰ, ਸੋਨੇ 'ਤੇ ਡੀਲਰ ਦੇ ਰਹੇ ਡਿਸਕਾਊਂਟ
Saturday, Aug 29, 2020 - 05:05 PM (IST)
ਮੁੰਬਈ/ਬੇਂਗਲੁਰੂ— ਸੋਨਾ ਮਹਿੰਗਾ ਹੋਣ ਨਾਲ ਇਸ ਦੀ ਮੰਗ 'ਚ ਆਈ ਗਿਰਾਵਟ ਨੂੰ ਦੇਖਦੇ ਹੋਏ ਡੀਲਰਾਂ ਨੇ ਡਿਸਕਾਊਂਟ ਵਧਾ ਦਿੱਤਾ ਹੈ। ਸੋਨੇ 'ਤੇ ਛੋਟ ਪੰਜ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।
ਇਕ ਰਿਪਰੋਟ ਮੁਤਾਬਕ, ਭਾਰਤ 'ਚ ਹਾਲ ਹੀ 'ਚ ਸੋਨੇ ਦੀਆਂ ਘਰੇਲੂ ਕੀਮਤਾਂ 'ਤੇ 43 ਡਾਲਰ ਪ੍ਰਤੀ ਔਂਸ ਦੀ ਛੋਟ ਦਿੱਤੀ ਗਈ ਹੈ, ਜੋ ਕਿ ਮਾਰਚ ਦੇ ਅੰਤਿਮ ਹਫਤੇ ਨਾਲੋਂ ਕਾਫ਼ੀ ਜ਼ਿਆਦਾ ਹੈ, ਇਸ ਦੇ ਨਾਲ ਹੀ ਇਹ ਪਿਛਲੇ ਹਫਤੇ ਦਿੱਤੇ ਗਏ 20 ਡਾਲਰ ਡਿਸਕਾਊਂਟ ਤੋਂ ਵੀ ਜ਼ਿਆਦਾ ਰਹੀ। ਘਰੇਲੂ ਕੀਮਤਾਂ 'ਚ 12.5 ਫੀਸਦੀ ਦੀ ਦਰਾਮਦ ਡਿਊਟੀ ਅਤੇ 3 ਫੀਸਦੀ ਵਿਕਰੀ ਟੈਕਸ ਸ਼ਾਮਲ ਹੈ।
ਸ਼ੁੱਕਰਵਾਰ ਨੂੰ ਵਾਇਦਾ ਸੋਨੇ ਦੀ ਕੀਮਤ 51,200 ਰੁਪਏ (699 ਡਾਲਰ) ਪ੍ਰਤੀ ਦਸ ਗ੍ਰਾਮ ਰਹੀ, ਜੋ ਇਸ ਮਹੀਨੇ ਦੇ ਸ਼ੁਰੂ 'ਚ ਰਿਕਾਰਡ 56,191 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਕਾਰਨ ਸੋਨੇ ਦੀ ਮੰਗ ਕਾਫ਼ੀ ਵਧੀ ਹੈ। ਨਿਵੇਸ਼ਕਾਂ ਨੇ ਇਸ 'ਚ ਜਮ ਕੇ ਨਿਵੇਸ਼ ਕੀਤਾ ਹੈ। ਹਾਲਾਂਕਿ, ਇਕੁਇਟੀ ਬਾਜ਼ਾਰਾਂ 'ਚ ਸੁਧਾਰ ਨਾਲ ਹਾਲ ਹੀ 'ਚ ਇਸ ਦੀ ਮੰਗ ਘਟਣ ਨਾਲ ਕੀਮਤਾਂ 'ਚ ਕਮੀ ਹੋਈ ਹੈ ਪਰ ਕੀਮਤਾਂ ਹੁਣ ਵੀ ਉੱਚੇ ਪੱਧਰ 'ਤੇ ਹੋਣ ਕਾਰਨ ਖਰੀਦਦਾਰੀ 'ਚ ਸੁਧਾਰ ਨਹੀਂ ਹੈ। ਇਸ ਦੀ ਵਜ੍ਹਾ ਨਾਲ ਵੱਡੇ ਬਰਾਂਡਾਂ ਨੇ ਜਿਊਲਰੀ 'ਤੇ ਕੁਝ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ।