ਭਾਰਤ ਨੇ ਪਾਬੰਦੀ ਹਟਣ ਤੋਂ ਬਾਅਦ 45,000 ਟਨ ਤੋਂ ਵੱਧ ਪਿਆਜ਼ ਐਕਸਪੋਰਟ ਕੀਤਾ
Thursday, May 23, 2024 - 10:39 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਮਈ ’ਚ ਪਿਆਜ਼ ਤੋਂ ਐਕਸਪੋਰਟ ਦੀ ਪਾਬੰਦੀ ਹਟਣ ਤੋਂ ਬਾਅਦ 45,000 ਤੋਂ ਵੱਧ ਪਿਆਜ਼ ਦਾ ਐਕਸਪੋਰਟ ਕੀਤਾ ਗਿਆ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੁਨੀਆ ਦੇ ਸਭ ਤੋਂ ਵੱਡੇ ਸਬਜ਼ੀ ਐਕਸਪੋਰਟਰ ਨੇ ਲੰਘੇ ਦਸੰਬਰ ’ਚ ਪਿਆਜ਼ ਦੇ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਫਿਰ ਸੁਸਤ ਉਤਪਾਦਨ ਦੇ ਕਾਰਨ ਕੀਮਤਾਂ ’ਚ ਵਾਧੇ ਤੋਂ ਬਾਅਦ ਮਾਰਚ ’ਚ ਇਸ ਨੂੰ ਵਧਾ ਦਿੱਤਾ ਸੀ।
ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੀ ਸਕੱਤਰ ਨਿਧੀ ਖਰੇ ਨੇ ਕਿਹਾ,‘ਜ਼ਿਆਦਾਤਰ ਐਕਸਪੋਰਟ ਪੱਛਮੀ ਏਸ਼ੀਆ ਅਤੇ ਬੰਗਲਾਦੇਸ਼ ਨੂੰ ਕੀਤਾ ਗਿਆ।’ ਸਰਕਾਰ ਨੇ ਚੋਣਾਂ ਦੌਰਾਨ ਪਿਆਜ਼ ਦੀਆਂ ਕੀਮਤਾਂ ਘੱਟ ਰੱਖਣ ਲਈ 4 ਮਈ ਨੂੰ ਪਾਬੰਦੀ ਹਟਾ ਦਿੱਤੀ ਸੀ। ਹਾਲਾਂਕਿ ਪ੍ਰਤੀ ਟਨ ’ਤੇ 550 ਅਮਰੀਕੀ ਡਾਲਰ ਦਾ ਘੱਟੋ-ਘੱਟ ਐਕਸਪੋਰਟ ਮੁੱਲ (ਐੱਮ. ਈ. ਪੀ.) ਲਗਾਇਆ ਗਿਆ ਸੀ। ਖਰੇ ਨੇ ਕਿਹਾ,‘ਇਸ ਸਾਲ ਚੰਗੇ ਮਾਨਸੂਨ ਦੇ ਅਗਾਊਂ ਅਨੁਮਾਨ ਨਾਲ ਜੂਨ ਤੋਂ ਪਿਆਜ਼ ਸਮੇਤ ਹੋਰ ਖਰੀਫ (ਗਰਮੀ) ਫਸਲਾਂ ਦੀ ਬਿਹਤਰ ਬਿਜਾਈ ਯਕੀਨੀ ਹੋਵੇਗੀ।’ ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੀਆਂ ਏਜੰਸੀਆਂ ਨੇ ਚਾਲੂ ਮਾਲੀ ਸਾਲ ਲਈ ਤੈਅਸ਼ੁਦਾ 5,00,000 ਟਨ ਦਾ ਭੰਡਾਰ (ਬਫਰ ਸਟਾਕ) ਰੱਖਣ ਲਈ ਹਾਲੀਆ ਰਬੀ (ਸਰਦੀ) ਦੀ ਫਸਲ ਨਾਲ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ।
ਖੇਤੀ ਮੰਤਰਾਲਾ ਦੇ ਮੁੱਢਲੇ ਅਨੁਮਾਨ ਅਨੁਸਾਰ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਖੇਤਰਾਂ ’ਚ ਘੱਟ ਉਤਪਾਦਨ ਦੇ ਕਾਰਨ ਫਸਲੀ ਸਾਲ 2023-24 ’ਚ ਦੇਸ਼ ਦਾ ਪਿਆਜ਼ ਉਤਪਾਦਨ ਸਾਲਾਨਾ ਆਧਾਰ ’ਤੇ 16 ਫੀਸਦੀ ਘੱਟ ਕੇ 2.54 ਕਰੋੜ ਟਨ ਰਹਿਣ ਦੀ ਉਮੀਦ ਹੈ।