ਭਾਰਤ ਅਤੇ UAE ਨੇ 100 ਅਰਬ ਡਾਲਰ ਦੇ ਵਪਾਰ ਟੀਚੇ ਦੀ ਵਚਨਬੱਧਤਾ ਦੁਹਰਾਈ

Saturday, Sep 03, 2022 - 03:40 PM (IST)

ਭਾਰਤ ਅਤੇ UAE ਨੇ 100 ਅਰਬ ਡਾਲਰ ਦੇ ਵਪਾਰ ਟੀਚੇ ਦੀ ਵਚਨਬੱਧਤਾ ਦੁਹਰਾਈ

ਅਬੂਧਾਬੀ (ਭਾਸ਼ਾ) – ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਅਗਲੇ ਪੰਜ ਸਾਲਾਂ ’ਚ 100 ਅਰਬ ਡਾਲਰ ਦੇ ਦੋਪੱਖੀ ਵਪਾਰ ਦਾ ਅਹਿਮ ਟੀਚਾ ਹਾਸਲ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ-ਯੂ. ਏ. ਈ. ਦੀ ਸੰਯੁਕਤ ਕਮਿਸ਼ਨ ਦੀ ਬੈਠਕ ’ਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਸੀ ਵਪਾਰ ਨੂੰ ਵਧਾਉਣ ਦੇ ਮੁੱਦੇ ’ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦੋਪੱਖੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ’ਚ ਦਰਜ ਤਰੱਕੀ ਦੀ ਸਮੀਖਿਆ ਵੀ ਕੀਤੀ।

ਯੂ. ਏ. ਈ. ਦੇ ਤਿੰਨ ਦਿਨਾਂ ਦੌਰੇ ’ਤੇ ਪੁੱਜੇ ਜੈਸ਼ੰਕਰ ਨੇ ਭਾਰਤ-ਯੂ. ਏ. ਈ. ਸੰਯੁਕਤ ਕਮਿਸ਼ਨ ਦੀ 14ਵੀਂ ਬੈਠਕ ’ਚ ਸ਼ਿਰਕਤ ਕੀਤੀ। ਯੂ. ਏ. ਈ. ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਨਹਯਾਨ ਨੇ ਵੀ ਇਸ ਬੈਠਕ ਦੀ ਪ੍ਰਧਾਨਗੀ ਕੀਤੀ। ਵਿਦੇਸ਼ ਮੰਤਰਾਲਾ ਵਲੋਂ ਜਾਰੀ ਬਿਆਨ ਮੁਤਾਬਕ ਇਸ ਬੈਠਕ ’ਚ ਸ਼ਾਮਲ ਦੋਹਾਂ ਮੰਤਰੀਆਂ ਨੇ ਭਾਰਤ ਅਤੇ ਯੂ. ਏ. ਈ. ਦੇ ਦੋਪੱਖੀ ਸਬੰਧਾਂ ਦੀ ਤਰੱਕੀ ਦੀ ਉੱਚ ਦਰ ’ਤੇ ਡੂੰਘੀ ਤਸੱਲੀ ਪ੍ਰਗਟਾਈ ਹੈ। ਜੈਸ਼ੰਕਰ ਨੇ ਆਪਣੇ ਇਕ ਟਵੀਟ ’ਚ ਇਸ ਬੈਠਕ ਨੂੰ ਰਚਨਾਤਮਕ ਦੱਸਦੇ ਹੋਏ ਯੂ. ਏ. ਈ. ਦੇ ਵਿਦੇਸ਼ ਮੰਤਰੀ ਨੂੰ ਧੰਨਵਾਦ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਬੈਠਕ ’ਚ ਅਸੀਂ ਸਹਿਯੋਗ ਦੇ ਵੱਖ-ਵੱਖ ਖੇਤਰਾਂ ’ਚ ਹਾਸਲ ਤਰੱਕੀ ਦਾ ਮੁਲਾਂਕਣ ਕੀਤਾ। ਸਾਡੇ ਲੀਡਰਸ਼ਿਪ ਦਾ ਸਾਂਝਾ ਨਜ਼ਰੀਆ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।


author

Harinder Kaur

Content Editor

Related News