ਭਾਰਤ-ਪਾਕਿਸਤਾਨ ਦੇ ਖਰਾਬ ਸੰਬੰਧਾਂ ਦਾ ਅਸਰ, ਦੋਹਾਂ ਦੇਸ਼ਾਂ ਦੇ ਵਪਾਰ ਨੂੰ ਲੱਗਾ ਝਟਕਾ

Wednesday, Aug 29, 2018 - 01:49 PM (IST)

ਭਾਰਤ-ਪਾਕਿਸਤਾਨ ਦੇ ਖਰਾਬ ਸੰਬੰਧਾਂ ਦਾ ਅਸਰ, ਦੋਹਾਂ ਦੇਸ਼ਾਂ ਦੇ ਵਪਾਰ ਨੂੰ ਲੱਗਾ ਝਟਕਾ

ਜੰਮੂ— ਭਾਰਤ ਅਤੇ ਪਾਕਿਸਤਾਨ ਵਿਚਕਾਰ ਖਰਾਬ ਸੰਬੰਧਾਂ ਦਾ ਅਸਰ ਸਰਹੱਦ ਪਾਰ ਵਪਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਸਾਲਾਂ 'ਚ ਦਰਾਮਦ ਅਤੇ ਬਰਾਮਦ ਦੋਹਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੀ ਵਪਾਰ ਨੀਤੀ 'ਚ ਠੋਸ ਕਦਮਾਂ ਦੀ ਵਿਵਸਥਾ ਨਾ ਹੋਣ ਕਾਰਨ ਵੀ ਵਪਾਰੀ ਨਿਰਾਸ਼ ਹਨ। ਪਿਛਲੇ 10 ਸਾਲਾਂ 'ਚ ਸਰਹੱਦ ਪਾਰ ਵਪਾਰ ਤਹਿਤ ਬਰਾਮਦ 3,744 ਕਰੋੜ ਰੁਪਏ 'ਤੇ ਪਹੁੰਚੀ ਹੈ, ਜਦੋਂ ਕਿ ਦਰਾਮਦ 3,343 ਕਰੋੜ ਰੁਪਏ 'ਤੇ ਪਰ ਪਿਛਲੇ ਤਿੰਨ ਸਾਲਾਂ ਦੇ ਅੰਕੜੇ ਦੇਖੀਏ ਤਾਂ ਬਰਾਮਦ ਅਤੇ ਦਰਾਮਦ 'ਚ ਕਮੀ ਸਾਫ ਨਜ਼ਰ ਆਉਂਦੀ ਹੈ।

ਸਾਲ 2016-17 'ਚ ਬਰਾਮਦ 527.39 ਕਰੋੜ ਰੁਪਏ ਸੀ, ਜਦੋਂ ਕਿ ਦਰਾਮਦ 504 ਕਰੋੜ ਰੁਪਏ। 2017-18 'ਚ ਬਰਾਮਦ ਘਟ ਕੇ 501.09 ਕਰੋੜ ਰੁਪਏ 'ਤੇ ਆ ਗਈ, ਜਦੋਂ ਕਿ ਦਰਾਮਦ ਘਟ ਕੇ 378 ਕਰੋੜ ਰੁਪਏ 'ਤੇ। 2018-19 'ਚ ਹੁਣ ਤਕ ਬਰਾਮਦ ਸਿਰਫ 136.05 ਕਰੋੜ ਹੋਈ ਹੈ, ਜਦੋਂ ਕਿ ਦਰਾਮਦ 126 ਕਰੋੜ ਰੁਪਏ। ਸਰਹੱਦਾਂ 'ਤੇ ਖਿਚੋਤਾਣ ਵਧਣ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੇ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ।
ਭਾਰਤ ਜੋ ਚੀਜ਼ਾਂ ਪਾਕਿਸਤਾਨ ਨੂੰ ਬਰਾਮਦ ਕਰਦਾ ਹੈ ਉਨ੍ਹਾਂ 'ਚ ਕਾਰਪੇਟ, ਸ਼ੌਲ, ਕਢਾਈ ਦਾ ਸਾਮਾਨ, ਫਰਨੀਚਰ, ਤਾਜ਼ੇ ਫਲ-ਸਬਜ਼ੀਆਂ, ਅਖਰੋਟ ਸਮੇਤ ਹੋਰ ਡ੍ਰਾਈ ਫਰੂਟ, ਕੇਸਰ, ਧਨੀਆ, ਇਮਲੀ, ਮੂੰਗ, ਕਸ਼ਮੀਰੀ ਮਸਾਲੇ, ਰਾਜ ਮਾਂਹ, ਸ਼ਹਿਦ ਆਦਿ ਸ਼ਾਮਲ ਹਨ। ਉੱਥੇ ਹੀ ਦਰਾਮਦ ਚੀਜ਼ਾਂ 'ਚ ਚੌਲ, ਕੀਮਤੀ ਪੱਥਰ, ਪੇਸ਼ਾਵਰੀ ਚਮੜੇ ਦੀਆਂ ਚੱਪਲਾਂ, ਔਸ਼ਧੀ ਪੌਦੇ, ਸ਼ਹਿਦ, ਮੂੰਗੀ, ਇਮਲੀ, ਕਾਲਾ ਮਸ਼ਰੂਮ, ਲੱਕੜੀ ਦੇ ਹੈਂਡੀਕ੍ਰਾਫਟ, ਸਰਾਣੇ, ਸ਼ੌਲ ਅਤੇ ਸਟੌਲ ਸ਼ਾਮਲ ਹਨ। ਵਪਾਰ ਲਈ ਹੋਰ ਮਾਰਗ ਨਾ ਖੋਲ੍ਹੇ ਜਾਣ ਅਤੇ ਲਿਸਟ 'ਚ ਚੀਜ਼ਾਂ ਦੀ ਗਿਣਤੀ ਨਾ ਵਧਾਉਣ ਕਾਰਨ ਵੀ ਵਪਾਰੀ ਨਿਰਾਸ਼ ਹਨ।


Related News